ਮੁੱਖ ਚੋਣ ਅਫ਼ਸਰ ਪੰਜਾਬ ਨੇ ਹੁਸ਼ਿਆਰਪੁਰ ‘ਚ ਈਵੀਐਮ ਵੇਅਰਹਾਊਸ ਦੀ ਕੀਤੀ ਤਿਮਾਹੀ ਪੜਤਾਲ

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਰਹੇ ਮੌਜੂਦ


ਹੁਸ਼ਿਆਰਪੁਰ ( ਦਿਸ਼ਾ ਸੇਠੀ ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਪੱਧਰ ‘ਤੇ ਬਣਾਏ ਗਏ ਈਵੀਐਮ ਵੇਅਰਹਾਊਸ ਦੀ ਜੂਨ 2025 ਦੀ ਤਿਮਾਹੀ ਪੜਤਾਲ ਮੁੱਖ ਚੋਣ ਅਫ਼ਸਰ ਪੰਜਾਬ, ਸਿਬਿਨ ਸੀ. ਵੱਲੋਂ ਕੀਤੀ ਗਈ। ਇਹ ਪੜਤਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਰਬੀਰ ਕੌਰ ਭੁੱਲਰ ਦੀ ਹਾਜ਼ਰੀ ਵਿੱਚ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਅਤੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਵੀ ਮੌਜੂਦ ਸਨ।


ਪੜਤਾਲ ਪ੍ਰਕਿਰਿਆ ਤਹਿਤ ਵੇਅਰਹਾਊਸ ਨੂੰ ਖੋਲ੍ਹ ਕੇ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੀ ਸਥਿਤੀ, ਸੁਰੱਖਿਆ ਪ੍ਰਬੰਧ, ਸੀਲਿੰਗ ਪ੍ਰਣਾਲੀ ਅਤੇ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਨੂੰ ਨੇੜਿਓਂ ਦੇਖਿਆ ਗਿਆ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਰਿਕਾਰਡ, ਲੌਗਬੁੱਕ ਅਤੇ ਐਂਟਰੀ ਰਜਿਸਟਰਾਂ ਦੀ ਵੀ ਜਾਂਚ ਕੀਤੀ ਗਈ।

ਮੁੱਖ ਚੋਣ ਅਫ਼ਸਰ ਸਿਬਿਨ ਸੀ. ਨੇ ਕਿਹਾ ਕਿ ਈਵੀਐਮ ਵੇਅਰਹਾਊਸ ਦੀ ਤਿਮਾਹੀ ਪੜਤਾਲ ਇੱਕ ਨਿਯਮਤ ਅਤੇ ਜ਼ਰੂਰੀ ਪ੍ਰਕਿਰਿਆ ਹੈ, ਜੋ ਕਿ ਹਰ ਜ਼ਿਲ੍ਹੇ ਵਿੱਚ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਹੈ। ਇਸਦਾ ਉਦੇਸ਼ ਚੋਣ ਪ੍ਰਕਿਰਿਆ ਦੀ ਨਿਰਪੱਖਤਾ, ਸੁਰੱਖਿਆ ਅਤੇ ਪਾਰਦਰਸ਼ਤਾ ਬਣਾਈ ਰੱਖਣਾ ਹੈ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੇਅਰਹਾਊਸ ਪ੍ਰਬੰਧ ਉੱਚਤਮ ਮਾਪਦੰਡਾਂ ਦੇ ਅਨੁਸਾਰ ਪਾਇਆ ਗਿਆ।

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਮੌਕੇ ਕਿਹਾ ਕਿ ਚੋਣ ਕਮਿਸ਼ਨ ਦੀ ਇਹ ਪਹਿਲਕਦਮੀ ਲੋਕਤੰਤਰੀ ਪ੍ਰਕਿਰਿਆ ਵਿੱਚ ਆਮ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ ਅਤੇ ਮਸ਼ੀਨਾਂ ਦੀ ਨਿਰਪੱਖਤਾ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ।

ਇਸ ਮੌਕੇ ਭਾਜਪਾ ਤੋਂ ਭੂਸ਼ਨ ਕੁਮਾਰ ਸ਼ਰਮਾ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਆਮ ਆਦਮੀ ਪਾਰਟੀ ਤੋਂ ਜਸਪਾਲ ਸਿੰਘ ਅਤੇ ਜੈ ਰਾਮ, ਬਹੁਜਨ ਸਮਾਜ ਪਾਰਟੀ ਤੋਂ ਮਦਨ ਸਿੰਘ ਬੈਂਸ ਤੋਂ ਇਲਾਵਾ ਨੋਡਲ ਅਫਸਰ ਈ.ਵੀ.ਐਮਜ਼ ਬਲਵਿੰਦਰ ਸਿੰਘ, ਸਹਾਇਕ ਨੋਡਲ ਅਫਸਰ ਜਸਪਾਲ ਸਿੰਘ ਅਤੇ ਰੁਪਿੰਦਰਪਾਲ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ, ਐਸ.ਡੀ.ਓ ਤਿਲਕ ਰਾਜ, ਤਹਿਸੀਲਦਾਰ ਚੋਣਾਂ ਹਰਮਿੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਵੀਰ ਸਿੰਘ, ਰਾਜਨ ਮੋਂਗਾ ਵੀ ਮੌਜ਼ੂਦ ਸਨ।

Share This
0
About Author

Social Disha Today

Leave a Reply

Your email address will not be published. Required fields are marked *