2027 ਦੀਆਂ ਵਿਧਾਨਸਭਾ ਚੋਣਾਂ ’ਚ ਪੰਜਾਬ ਦੀ ਸੱਤਾ ਦਾ ਕੇਂਦਰ ਬਣੇਗੀ ਬਸਪਾ : ਵਿਪੁਲ ਕੁਮਾਰ-ਡਾ. ਕਰੀਮਪੁਰੀ
ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਸੂਬੇ ਭਰ ’ਚ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹੈ
ਬਸਪਾ ਦੀ ਮੀਟਿੰਗ ’ਚ ਪਾਰਟੀ ਦੇ ਸੂਬਾ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ
ਜਲੰਧਰ ( ਦਿਸ਼ਾ ਸੇਠੀ ) : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅੱਜ ਸੋਮਵਾਰ ਨੂੰ ਪਾਰਟੀ ਦੇ ਜਲੰਧਰ ਵਿਖੇ ਸੂਬਾ ਦਫਤਰ ਵਿੱਚ ਮੀਟਿੰਗ ਹੋਈ। ਇਸ ਸਮੀਖਿਆ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਇੰਚਾਰਜ ਵਿਪੁਲ ਕੁਮਾਰ ਅਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸੂਬਾ ਪੱਧਰੀ ਮੀਟਿੰਗ ਵਿੱਚ ਪਹੁੰਚੇ ਅਹੁਦੇਦਾਰਾਂ ਨਾਲ ਪਾਰਟੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਅਤੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ।
ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੂਬਾ ਇੰਚਾਰਜ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਬਸਪਾ ਪੰਜਾਬ ਨੂੰ ਖੁਸ਼ਹਾਲੀ, ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਲਈ ਵਚਨਬੱਧ ਹੈ। ਸੂਬੇ ਨੂੰ ਨਸ਼ਾ ਮੁਕਤ ਬਣਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਉਪਲਬਧ ਕਰਾਉਣਾ, ਲੋਕਾਂ ਲਈ ਚੰਗੀ ਸਿਹਤ-ਸਿੱਖਿਆ ਵਿਵਸਥਾ ਦਾ ਪ੍ਰਬੰਧ ਕਰਨਾ ਅਤੇ ਕਿਰਤੀਆਂ ਕਿਸਾਨਾਂ, ਮੁਲਾਜ਼ਮਾਂ, ਔਰਤਾਂ, ਵਿਦਿਆਰਥੀਆਂ, ਛੋਟੋ ਵਪਾਰੀਆਂ ਪੱਖੀ ਮਾਹੌਲ ਸਿਰਜਣਾ ਬਸਪਾ ਦਾ ਮੁੱਖ ਏਜੰਡਾ ਹੈ।
ਇਸਦੇ ਤਹਿਤ ਹੀ ਬਸਪਾ ਵੱਲੋਂ ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਖੁਸ਼ਹਾਲੀ, ਤਰੱਕੀ ਲਈ ਬਸਪਾ ਦੇ ਬੈਨਰ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਭਰ ਵਿੱਚ ਬਸਪਾ ਦੇ ਸਮਾਗਮਾਂ ਵਿੱਚ ਲੋਕਾਂ ਦੇ ਹੋ ਰਹੇ ਭਾਰੀ ਇਕੱਠ ਇਸ ਗੱਲ ਦਾ ਸੰਕੇਤ ਹਨ ਕਿ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਬਸਪਾ ਪੰਜਾਬ ਦੀ ਸੱਤਾ ਦਾ ਕੇਂਦਰ ਬਣੇਗੀ। ਸਮੀਖਿਆ ਮੀਟਿੰਗ ਦੌਰਾਨ ਬਸਪਾ ਦੇ ਸੂਬਾ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਤੇ ਤੀਰਥ ਰਾਜਪੁਰਾ ਤੋਂ ਇਲਾਵਾ ਪਾਰਟੀ ਦੀ ਸੂਬਾਈ ਲੀਡਰਸ਼ਿਪ ਵੀ ਮੌਜ਼ੂਦ ਸੀ।

