ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚੋਂ ਉਦਯੋਗਾਂ ਦੇ ਘੱਟ ਕੇ ਉਨ੍ਹਾਂ ਦੇ ਦੂਜੇ ਰਾਜਾਂ ‘ਚ ਜਾਣ ‘ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਹਾਲ ਹੀ ਵਿੱਚ ਦਿੱਲੀ ਦੇ ਦੌਰੇ ਦੌਰਾਨ, ਵੜਿੰਗ ਨੇ ਕਈ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ, ਕਾਰੋਬਾਰੀਆਂ ਨੇ ਮੌਜੂਦਾ ‘ਆਪ’ ਸਰਕਾਰ ਦੇ ਅਧੀਨ ਪੰਜਾਬ ਵਿੱਚ ਵਪਾਰ ਅਤੇ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਉਹਨਾਂ ਨੂੰ ਆਪ ਪ੍ਰਸ਼ਾਸਨ ਦੇ ਕੁਸ਼ਾਸਨ ਕਰਕੇ ਆਪਣੇ ਕਾਰੋਬਾਰ ਪੰਜਾਬ ਤੋਂ ਉੱਤਰ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਮੱਧ-ਪ੍ਰਦੇਸ਼ ਵਰਗੇ ਖੇਤਰਾਂ ਵਿੱਚ ਲੈ ਕੇ ਜਾਣਾ ਪੈ ਰਿਹਾ ਹੈ। ਖਾਸ ਤੌਰ ‘ਤੇ ਹੁਣ ਲੁਧਿਆਣਾ ਤੋਂ ‘ਕ੍ਰੀਮਿਕਾ’ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਵੀ ਜੰਮੂ ਜਾਣ ਲਈ ਤਿਆਰ ਹਨ।
ਵੜਿੰਗ ਨੇ ਜ਼ੋਰ ਦੇ ਕੇ ਕਿਹਾ, “ਇਹ ਚਿੰਤਾਵਾਂ ਸਿਰਫ਼ ਸਿਆਸੀ ਬਿਆਨਬਾਜ਼ੀ ਨਹੀਂ ਹਨ ਸਗੋਂ ਸਾਡੇ ਕਾਰੋਬਾਰ ਅਤੇ ਵਪਾਰ ਦੀ ਜ਼ਮੀਨੀ ਹਕੀਕਤ ਨੂੰ ਦਰਸਾਉਂਦੀਆਂ ਹਨ। ਸਰਕਾਰ ਦੁਆਰਾ ਮੌਜੂਦਾ ਉਦਯੋਗਾਂ ਦੀ ਅਣਦੇਖੀ ਪੰਜਾਬ ਦੀ ਆਰਥਿਕ ਸਥਿਰਤਾ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਜੇਕਰ ਇਹ ਉਦਯੋਗਿਕ ਸੰਸਥਾਵਾਂ ਪੰਜਾਬ ਛੱਡ ਕੇ ਕਿਸੇ ਹੋਰ ਰਾਜ ਵਿੱਚ ਚਲੀਆਂ ਜਾਣਗੀਆਂ ਤਾਂ ਨੁਕਸਾਨ ਕਿਸੇ ਸਰਕਾਰ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਹੋਵੇਗਾ ਜਿਸ ਨਾਲ ਪੰਜਾਬ ਦੇ ਆਰਥਿਕ ਹਾਲਤ ਹੋਰ ਖਰਾਬ ਹੋਣਗੇ। ਪੰਜਾਬ ਦੀ ਪਹਿਲਾਂ ਤੋਂ ਹੀ ਨਾਜ਼ੁਕ ਆਰਥਿਕ ਸਥਿਤੀ ਨੂੰ ਦੇਖਦੇ ਹੋਏ, ਮੌਜੂਦਾ ਉਦਯੋਗਾਂ ਦੀ ਸੁਰੱਖਿਆ ਅਤੇ ਹੋਰ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।