ਰੂਪਨਗਰ ਵਿੱਚ ਇੱਕ ਬੱਚੇ ਦੀ ਬਾਲਟੀ ਵਿੱਚ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਖੇਡਦਾ-ਖੇਡਦਾ ਬਾਥਰੂਮ ਵਿੱਚ ਵੜ ਗਿਆ, ਜਦੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੱਭਦੇ-ਲੱਭਦੇ ਬਾਥਰੂਮ ਵਿੱਚ ਗਏ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦੇ ਬਾਅਦ ਤੋਂ ਹੀ ਪਰਿਵਾਰ ਵਿੱਚ ਮਾਤਮ ਛਾਇਆ ਹੋਇਆ ਹੈ, ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੈ।
ਸਵਾ ਸਾਲ ਦੇ ਬੱਚੇ ਦੀ ਪਛਾਣ ਵਾਰਿਸ ਦੇ ਰੂਪ ਵਿੱਚ ਹੋਈ
ਦੱਸ ਦਈਏ ਕਿ ਸਵਾ ਸਾਲ ਦੇ ਬੱਚੇ ਦੀ ਪਛਾਣ ਵਾਰਿਸ ਦੇ ਰੂਪ ਵਿੱਚ ਹੋਈ ਹੈ। ਬੱਚੇ ਦੇ ਪਿਤਾ ਗੋਲਡੀ ਸਕ੍ਰੈਪ ਕਾਰੋਬਾਰੀ ਹਨ ਅਤੇ ਮਾਂ ਦਾ ਨਾਮ ਸੋਨੀਆ ਹੈ। ਗੋਲਡੀ ਅਤੇ ਸੋਨੀਆ ਦਾ ਕਰੀਬ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਪਹਿਲਾਂ ਬੱਚਾ ਸੀ।
ਪਰਿਵਾਰ ਵਾਲਿਆਂ ਨੇ ਬੱਚਿਆਂ ਨੂੰ ਲੱਭਿਆ ਤਾਂ ਉਹ ਬਾਥਰੂਮ ‘ਚ ਬਾਲਟੀ ‘ਚ ਡਿੱਗਿਆ ਪਿਆ ਸੀ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੁਆਇੰਟ ਫੈਮਿਲੀ ਹੈ। ਵਾਰਿਸ ਘਰ ਵਿੱਚ ਹੀ ਖੇਡ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੂੰ ਲੱਗਿਆ ਕਿ ਕੋਈ ਉਸ ਨੂੰ ਗੋਦੀ ਵਿੱਚ ਚੁੱਕ ਕੇ ਇਧਰ-ਉਧਰ ਘੁੰਮ ਰਿਹਾ ਹੈ। ਜਦੋਂ ਕਾਫੀ ਦੇਰ ਤੱਕ ਬੱਚਾ ਨਜ਼ਰ ਨਹੀਂ ਆਇਆ ਤਾਂ ਪਰਿਵਾਰ ਦੇ ਲੋਕ ਉਸ ਨੂੰ ਲੱਭਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਬਾਥਰੂਮ ਵੱਲ ਗਈ, ਜਦੋਂ ਉਨ੍ਹਾਂ ਨੇ ਬਾਥਰੂਮ ਵਿੱਚ ਜਾ ਕੇ ਦੇਖਿਆ ਤਾਂ ਵਾਰਿਸ ਪਾਣੀ ਵਿੱਚ ਸਿਰ ਦੇ ਭਾਰ ਡਿੱਗਿਆ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਬਾਲਟੀ ਵਿਚੋਂ ਬਾਹਰ ਕੱਢਿਆ ਅਤੇ ਉਹ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।