ਚੰਡੀਗੜ੍ਹ ( ਦਿਸ਼ਾ ਸੇਠੀ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ “Proud to be Akali” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਯੂਥ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਸ. ਅੰਮ੍ਰਿਤਬੀਰ ਸਿੰਘ ਦੀ ਗੱਡੀ ’ਤੇ ਪਹਿਲਾ ਸਟੀਕਰ ਲਾ ਕੇ ਇਹ ਅਭਿਆਨ ਜਨਤਾ ’ਚ ਸ਼ੁਰੂ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪਾਰਟੀ ਦੀ ਵਿਰਾਸਤ, ਸਿਧਾਂਤਾਂ ਅਤੇ ਅਡੋਲ ਜਜ਼ਬੇ ਨੂੰ ਨਵੀਂ ਪਛਾਣ ਦੇਣ ਲਈ ਸ਼ੁਰੂ ਕੀਤੀ ਗਈ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ “Proud to be Akali” ਸਿਰਫ਼ ਇੱਕ ਸਲੋਗਨ ਨਹੀਂ, ਸਗੋਂ ਇੱਕ ਅੰਦੋਲਨ ਹੈ ਜੋ ਅਕਾਲੀ ਪਾਰਟੀ ਪ੍ਰਤੀ ਮਾਣ, ਇਮਾਨਦਾਰੀ ਅਤੇ ਵਫ਼ਾਦਾਰੀ ਦਾ ਪ੍ਰਤੀਕ ਬਣੇਗਾ।
ਇਸ ਮੌਕੇ ਸ. ਅੰਮ੍ਰਿਤਬੀਰ ਸਿੰਘ ਨੇ ਵੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਵਿਚ ਨਵਾਂ ਜੋਸ਼ ਪੈਦਾ ਕਰੇਗੀ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਏਗੀ।
ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਇਕਬਾਲ ਸਿੰਘ ਢੀਂਡਸਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਪਾਰਟੀ ਨੂੰ ਜ਼ਮੀਨ ਨਾਲ ਜੋੜਨ ਵਾਲਾ ਬਹੁਤ ਉਤਸ਼ਾਹਜਨਕ ਕਦਮ ਹੈ। ਅਸੀਂ ਹਰ ਘਰ ਅਤੇ ਹਰ ਵਾਹਨ ਤੱਕ ਇਹ ਸੰਦੇਸ਼ ਲਿਜਾਣ ਦਾ ਲਕੜ ਬਣਾਈਏ ਕਿ ਅਸੀਂ ਅਕਾਲੀ ਹਾਂ, ਤੇ ਸਾਨੂੰ ਇਸ ’ਤੇ ਮਾਣ ਹੈ।
ਇਹ ਮੁਹਿੰਮ ਜਲੰਧਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਹਰੇਕ ਸ਼ਹਿਰ ਅਤੇ ਪਿੰਡ ਤਕ ਲੈ ਜਾਈ ਜਾਵੇਗੀ, ਜਿਸ ਵਿੱਚ ਪਾਰਟੀ ਦੇ ਸਮੂਹ ਆਗੂ, ਵਰਕਰ ਅਤੇ ਸਮਰਥਕ ਭਰਪੂਰ ਭਾਗ ਲੈਣਗੇ।

