ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਘਰਵਾਲੀ ਅੰਮ੍ਰਿਤਾ ਵੜਿੰਗ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ । ਬਿਆਨ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਿਰੋਧ ਦੇ ਚਲਦਿਆਂ ਅੰਮ੍ਰਿਤਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕਰਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਅਣਜਾਣੇ ਵਿਚ ਬੋਲੇ ਗਏ ਸ਼ਬਦਾਂ ਰਾਹੀਂ ਜਿਨ੍ਹਾਂ ਨੂੰ ਵੀ ਠੇਸ ਪੁੱਜੀ ਹੈ, ਮੈਂ ਦੋਵੇਂ ਹੱਥ ਜੋੜ ਕੇ ਉਨ੍ਹਾਂ ਤੋਂ ਮਾਫ਼ੀ ਮੰਗਦੀ ਹਾਂ।
ਦਰਅਸਲ, ਉਨ੍ਹਾਂ ਕਿਹਾ ਸੀ ਕਿ ਮੈਂ ਗੁਰੂਆਂ ਦੇ ਪੰਜੇ ਲਈ ਵੋਟਾਂ ਮੰਗਣ ਆਈ ਹਾਂ। ਜਿਵੇਂ ਕਿ ਦਸਾਂ ਗੁਰੂਆਂ ਨੇ ਪੰਜੇ ਨੂੰ ਮਹਤੱਤਾ ਦਿੱਤੀ ਅਤੇ ਇਸ ਲਈ ਕਾਂਗਰਸ ਨੇ ਵੀ ਪੰਜਾ ਹੀ ਚੁਣਿਆ। ਜਿਕਰਯੋਗ ਹੈ ਕਿ ਅੰਮ੍ਰਿਤਾ ਵੜਿੰਗ ਦੀ ਇਹ ਵੀਡੀਓ ਚੋਣ ਪ੍ਰਚਾਰ ਦੌਰਾਨ ਇੱਕ ਬੈਠਕ ਦੀ ਹੈ ਜਿਸਦੇ ਵਾਇਰਲ ਹੋਣ ਤੋਂ ਵਿਵਾਦ ਛਿੜ ਗਿਆ ਸੀ। ਦੂਜੇ ਪਾਸੇ ਐੱਸਜੀਪੀਸੀ ਵਲੋਂ ਅੰਮ੍ਰਿਤਾ ਵੜਿੰਗ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਗਈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਜੀ ਦੇ ਪਵਿੱਤਰ ਪੰਜੇ ਦੀ ਤੁਲਨਾ ਕਾਂਗਰਸ ਦੇ ਪੰਜੇ ਨਾਲ ਨਹੀਂ ਕਰਨੀ ਚਾਹੀਦੀ |