ਸੋਸ਼ਲ ਦਿਸ਼ਾ ਟੁਡੇ ਬਿਊਰੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੰਜਾਬ ਦੇ ਪਟਿਆਲਾ ‘ਚ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਭਾਜਪਾ ਲਈ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਜਿਵੇਂ ਹੀ ਉਹ ਪਟਿਆਲਾ ਲੋਕ ਸਭਾ ਹਲਕੇ ਦਾ ਦੌਰਾ ਕਰਨ ਪਹੁੰਚੇ ਤਾਂ ਉਨ੍ਹਾਂ ਦੇ ਨਾਂ ਇੱਕ ਅਨੋਖਾ ਰਿਕਾਰਡ ਜੁੜ ਗਿਆ। ਮੋਦੀ, ਪਟਿਆਲਾ ਪਹੁੰਚਣ ਵਾਲੇ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਬਣ ਗਏ।
ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਕਾਰਜਕਾਲ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਸ਼ਾਹੀ ਸ਼ਹਿਰ ਦਾ ਦੌਰਾ ਕੀਤਾ ਸੀ। ਇਨ੍ਹਾਂ ਵਿੱਚੋਂ ਤਿੰਨ ਸਾਬਕਾ ਪ੍ਰਧਾਨ ਮੰਤਰੀਆਂ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸਨ, ਜੋ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਪਟਿਆਲਾ ਆਏ ਸਨ। ਜਦਕਿ ਦੋ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ, ਭਾਜਪਾ ਤੋਂ ਰਾਜਨੀਤਿਕ ਅਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਆਏ।
ਪੰਡਿਤ ਜਵਾਹਰ ਲਾਲ ਨਹਿਰੂ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ 1950 ਅਤੇ 1960 ਦੇ ਦਹਾਕੇ ਦੌਰਾਨ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਪਟਿਆਲਾ ਦਾ ਦੌਰਾ ਕੀਤਾ, ਜਦੋਂ ਪਟਿਆਲਾ ਪੈਪਸੂ ਦੀ ਰਾਜਧਾਨੀ ਸੀ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1982 ਵਿੱਚ ਕਪੂਰੀ ਪਿੰਡ ਵਿੱਚ ਸਤਲੁਜ ਯਮੁਨਾ ਲਿੰਕ(SYL) ਨਹਿਰ ਦਾ ਨੀਂਹ ਪੱਥਰ ਰੱਖਣ ਲਈ ਪਟਿਆਲਾ ਦਾ ਦੌਰਾ ਕੀਤਾ। ਕਾਂਗਰਸ ਦੇ ਹੀ ਰਾਜੀਵ ਗਾਂਧੀ ਨੇ ਨਵੰਬਰ 1985 ਵਿੱਚ ਸ਼ੀਸ਼ ਮਹਿਲ ਵਿਖੇ ਉੱਤਰੀ ਜ਼ੋਨ ਕਲਚਰਲ ਸੈਂਟਰ (NZCC) ਦੇ ਖੇਤਰੀ ਦਫ਼ਤਰ ਦਾ ਉਦਘਾਟਨ ਵੀ ਕੀਤਾ ਸੀ।
ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਨੇ 2004 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਟਿਆਲਾ ਦਾ ਦੌਰਾ ਕੀਤਾ ਸੀ। ਪੋਲੋ ਗਰਾਊਂਡ ‘ਚ ਹੋਈ ਇਹ ਰੈਲੀ ਵਾਜਪਾਈ ਦੀ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ ਪ੍ਰਚਾਰ ਦਾ ਹਿੱਸਾ ਸੀ। ਹਾਲਾਂਕਿ ਸਮਰਥਨ ਦੇ ਬਾਵਜੂਦ ਕੈਪਟਨ ਕੰਵਲਜੀਤ ਸਿੰਘ, ਪ੍ਰਨੀਤ ਕੌਰ ਤੋਂ ਚੋਣ ਹਾਰ ਗਏ।
● 20 ਸਾਲ ਬਾਅਦ ਇੱਕ ਵਾਰ ਫਿਰ ਭਾਜਪਾ ਦਾ ਪ੍ਰਧਾਨ ਮੰਤਰੀ
ਹੁਣ 20 ਸਾਲਾਂ ਬਾਅਦ ਇੱਕ ਹੋਰ ਭਾਜਪਾ ਪ੍ਰਧਾਨ ਮੰਤਰੀ ਪਟਿਆਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਪੋਲੋ ਗਰਾਊਂਡ ਵਾਲੀ ਥਾਂ ‘ਤੇ ਬੋਲਣਗੇ, ਜਿੱਥੇ ਵਾਜਪਾਈ ਨੇ ਪਹਿਲਾਂ ਪ੍ਰਚਾਰ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਹੈ, ਜੋ 2004 ਵਿੱਚ ਵਾਜਪਾਈ ਦੀ ਰੈਲੀ ਦੌਰਾਨ ਵਿਰੋਧੀ ਉਮੀਦਵਾਰ ਸੀ।