ਜਲੰਧਰ (ਦਿਸ਼ਾ ਸੇਠੀ) : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕਸਭਾ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੋਣਾਂ ਵਿਚ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਦੋਹਰਾ ਕਿਰਦਾਰ ਸਾਹਮਣੇ ਆਇਆ ਹੈ ਤੇ ਚੰਨੀ ਨੇ ਦੱਸਿਆ ਹੈ ਕਿ ਉਹ ਵੀ ਆਪ ਤੇ ਭਾਜਪਾ ਨਾਲੋਂ ਵੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਸ਼ਹਿਰ ’ਚ ਵੱਡੇ ਪੱਧਰ ’ਤੇ ਪੋਸਟਰ ਲਗਾਏ ਗਏ ਸਨ, ਜਿਸ ’ਤੇ ਲਿਖਿਆ ਸੀ ਕਿ ਉਹ ਰਹੇਗਾ ਜਾਂ ਨਸ਼ਾ ਰਹੇਗਾ। ਪਰ ਦਲਿਤਾਂ ਗਰੀਬਾਂ ਦੀਆਂ ਵੋਟਾਂ ਲੈਣ ਦੇ ਲਈ ਕਾਂਗਰਸ ਵਲੋਂ ਵੱਡੇ ਪੱਧਰ ’ਤੇ ਪਿੰਡਾਂ ਸ਼ਹਿਰਾਂ ’ਚ ਨਸ਼ੇ ਦੀ ਸਪਲਾਈ ਕੀਤੀ ਗਈ। ਨਕੋਦਰ ਤੇ ਫਿਲੌਰ ’ਚ ਪੁਲਿਸ ਨੇ ਚੰਨੀ ਦੇ ਸਮਰਥਕਾਂ ਤੋਂ ਸ਼ਰਾਬ ਵੀ ਫੜੀ। ਇਸ ਲਈ ਜਿਹੜੇ ਬੰਦੇ ਸਿਰਫ ਵੋਟਾਂ ਲਈ ਲੋਕਾਂ ਨੂੰ ਨਸ਼ੇ ਦੇ ਆਦੀ ਬਣਾ ਰਹੇ ਹੋਣ, ਉਹ ਕਿਸੇ ਦਾ ਭਲਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਭਾਜਪਾ ਤੇ ਆਪ ਨੇ ਵੀ ਚੋਣਾਂ ’ਚ ਨਸ਼ੇ ਦੀ ਵਰਤੋਂ ਕੀਤੀ ਹੈ। ਇਸ ਲਈ ਇਹ ਲੋਕਾਂ ਦਾ ਭਲਾ ਨਹੀਂ ਕਰ ਸਕਦੇ।



