ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਐਨ.ਆਰ.ਆਈ ਜੋੜੇ ਤੇ ਹੋਏ ਹਮਲੇ ਦੀ ਜਾਂਚ ਦੇ ਹੁਕਮ ਦੇਣ ਤੇ ਚਰਨਜੀਤ ਚੰਨੀ ਨੇ ਕੀਤਾ ਧੰਨਵਾਦ
ਐਨ.ਆਰ.ਆਈ ਜੋੜੇ ਨੂੰ ਇੰਸਾਫ ਮਿਲੇ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਵੇ : ਚਰਨਜੀਤ ਚੰਨੀ
ਜਲੰਧਰ (ਦਿਸ਼ਾ ਸੇਠੀ ): ਪੰਜਾਬ ਦੇ ਐਨ.ਆਰ.ਆਈ ਜੋੜੇ ਦੀ ਹਿਮਾਚਲ ਪ੍ਰਦੇਸ਼ ਦੇ ਜਿਲਾ ਚੰਬਾ ਦੇ ਡਲਹੌਜ਼ੀ ਵਿਖੇ ਹੋਈ ਮਾਰ ਕੁੱਟ ਨੂੰ ਲੈ ਕੇ ਜਲੰਧਰ ਤੋ ਲੋਕ ਸਭਾ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ ਤੇ ਕੀਤੀ ਗਈ ਗੱਲ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਹਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਚੁੱਕੇ ਇਸ ਕਦਮ ਦਾ ਧੰਨਵਾਦ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਮਾਮਲਾ ਉਨਾ ਵੱਲੋਂ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਦਿਖਾਇਆ ਹੈ। ਉੱਨਾਂ ਕਿਹਾ ਕਿ ਫੋਨ ਤੇ ਗੱਲਬਾਤ ਦੌਰਾਨ ਉੱਨਾਂ ਹਿਮਾਚਲ ਅਤੇ ਪੰਜਾਬ ਦੇ ਲੋਕਾਂ ਦਾ ਨੁੰਹ ਮਾਸ ਦਾ ਰਿਸ਼ਤਾ ਹੋਣ ਦੀ ਗੱਲ ਸੀ ਜਿਸਤੇ ਖਰਾ ਉੱਤਰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਇਸ ਮਾਮਲੇ ਪ੍ਰਤੀ ਗੰਭੀਰਤਾ ਦਿਖਾਈ ਹੈ ਤੇ ਐਨ.ਆਰ.ਆਈ ਜੋੜੇ ਦੀ ਕੁੱਟ ਮਾਰ ਦੇ ਮਾਮਲੇ ਵਿੱਚ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ। ਚੰਨੀ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਪਰ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਤੇ ਕੁੱਝ ਸ਼ਰਾਰਤੀ ਲੋਕਾਂ ਨੂੰ ਇਹ ਸਾਂਝ ਹਜਮ ਨਹੀ ਹੋ ਰਹੀ ਜਿਸ ਕਰਕੇ ਉਹ ਮਾਹੋਲ ਵਿਗਾੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਕਰਦੇ ਰਹਿੰਦੇ ਹਨ। ਉੱਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਉਮੀਦ ਹੈ ਕਿ ਉਹ ਇਸ ਹਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ ਅਤੇ ਦੋਸ਼ੀਆਂ ਤੇ ਸਖਤ ਕਾਰਵਾਈ ਕਰਵਾਉਣਗੇ ਤਾਂ ਜੋ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਤੇ ਹਿਮਾਚਲ ਪ੍ਰਦੇਸ਼ ਦੀਆਂ ਠੰਡੀਆਂ ਵਾਦੀਆਂ ਵਿੱਚ ਗਰਮੀ ਦੀ ਛੁੱਟੀਆਂ ਦਾ ਅਨੰਦ ਮਾਣ ਸਕਣ।