ਬਟਾਲਾ ਦੇ ਨੇੜਲੇ ਪੁਲ ਅਠਵਾਲ ਵਿਖੇ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਦਾ ਮੰਗਲਵਾਰ ਦੀ ਦੇਰ ਰਾਤ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਗੁਰੂ ਅਮਰਦਾਸ ਜੀ ਅਠਵਾਲ ਪੁੱਲ ਵਿਖੇ ਲੰਮੇ ਸਮੇਂ ਤੋਂ ਮੁੱਖ ਸੇਵਾਦਾਰ ਦੇ ਤੌਰ ‘ਤੇ ਸੇਵਾਵਾਂ ਨਿਭਾ ਰਹੇ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ, ਜਨਰਲ ਸਕੱਤਰ ਸੰਤ ਸਮਾਜ ਅਤੇ ਮੁੱਖ ਬੁਲਾਰਾ ਦਮਦਮੀ ਟਕਸਾਲ ਬਾਬਾ ਬਲਵਿੰਦਰ ਸਿੰਘ ਦਾ ਉਨ੍ਹਾਂ ਦੇ ਹੀ ਰਿਹਾਇਸ਼ ਵਿਖ਼ੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਣੀ ਰਿਹਾਇਸ਼ ਵਿਚ ਰਹਿੰਦੇ ਸਨ, ਜਿਸ ਵਿਚ ਦੋ ਸੇਵਾਦਾਰ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਵਿਚੋਂ ਇਕ ਸੇਵਾਦਾਰ ਨਾਲ ਉਨ੍ਹਾਂ ਦੀ ਰਾਤ ਕਰੀਬ 10 ਵਜੇ ਕੋਈ ਮਾਮੂਲੀ ਤਕਰਾਰ ਹੋਈ, ਜਿਸ ਤੋਂ ਬਾਅਦ ਉਸ ਨੌਜਵਾਨ ਨੇ ਆਪਣੇ ਇਕ ਤੇਜ਼ਧਾਰ ਹਥਿਆਰ ਨਾਲ ਬਾਬਾ ਬਲਵਿੰਦਰ ਸਿੰਘ ‘ਤੇ ਅਨੇਕਾਂ ਵਾਰ ਕੀਤੇ ਤੇ ਫਰਾਰ ਹੋ ਗਿਆ । ਥਾਣਾ ਘੁਮਾਣ ਦੇ ਮੁਖੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਰਮਨਦੀਪ ਸਿੰਘ ਪਿੰਡ ਸਲਾਹਪੁਰ ਖ਼ਿਲਾਫ਼ ਵੱਖ- ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।

