ਜਲੰਧਰ: ਸ਼ਹਿਰ ਦੀ ਮੌਜੂਦਾ ਸਥਿਤੀ ਤੇ ਚੁਟਕੀ ਲੈਂਦਿਆਂ ਜਲੰਧਰ ਦੇ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਨੇ। ਉਨ੍ਹਾਂ ਕਿਹਾ ਕਿ ਇੱਕ ਦਿਨ ਵਿੱਚ ਵਾਪਰੀਆਂ ਕਈ ਘਟਨਾਵਾਂ ਸਾਬਤ ਕਰਦੀਆਂ ਨੇ ਕਿ ਮੌਜੂਦਾ ਸਰਕਾਰ ਦੀ ਅਗਵਾਈ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਹਿੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਲੁਟੇਰਿਆਂ ਦਾ ਡਰ ਹੋਣ ਕਾਰਨ ਲੋਕ ਘਰੋਂ ਨਿਕਲਣ ਤੋਂ ਡਰਨ ਲੱਗੇ ਹਨ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਨ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਰਿੰਕੂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਅਗਵਾਈ ਵਿੱਚ ਜਲੰਧਰ ਸ਼ਹਿਰ ਲਗਾਤਾਰ ਪਛੜਦਾ ਜਾ ਰਿਹਾ ਹੈ, ਭਾਵੇਂ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੇਣ ਦਾ ਮਾਮਲਾ ਹੋਵੇ ਜਾਂ ਫਿਰ ਅਮਨ-ਕਾਨੂੰਨ ਦਾ ਮਸਲਾ। ਇਸ ਬਾਰੇ ਸੁਸ਼ੀਲ ਰਿੰਕੂ ਨੇ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਕੇ ਸ਼ਹਿਰ ‘ਚ ਲੱਗੇ ਕੂੜੇ ਦੇ ਢੇਰ ਦਿਖਾਏ ਸਨ ਅਤੇ ਹੁਣ ਉਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੌਜੂਦਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸੁਸ਼ੀਲ ਰਿੰਕੂ ਨੇ ਅੱਗੇ ਕਿਹਾ ਕਿ ਹਰ ਰੋਜ਼ ਅਖਬਾਰਾਂ ਵਿੱਚ ਲੁੱਟਖੋਹ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਲੋਕਾਂ ਨੂੰ ਲੁਟੇਰਿਆਂ ਦੇ ਡਰ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕੇ ਜਾਣ।

