ਅੰਮ੍ਰਿਤਸਰ ( ਦਿਸ਼ਾ ਸੇਠੀ ): ਅੰਮ੍ਰਿਤਸਰ ਵਿਚ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀ.ਆਰ.ਟੀ.ਐਸ.) ਪ੍ਰੋਜੈਕਟ ਇੱਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਇਹ ਪ੍ਰੋਜੈਕਟ 23 ਜੁਲਾਈ 2023 ਨੂੰ ਬਿਨਾਂ ਕਿਸੇ ਸੂਚਨਾ ਦੇ ਰੋਕ ਦਿੱਤਾ ਗਿਆ ਸੀ। ਉਦੋਂ ਤੋਂ ਹੀ ਇਸ ਨੂੰ ਮੁੜ ਚਾਲੂ ਕਰਨ ਲਈ ਲੋਕਾਂ ਅਤੇ ਪ੍ਰਾਜੈਕਟ ਮੁਲਾਜ਼ਮਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਇੰਡੀਆ ਗੇਟ ਨਰਾਇਣਗੜ੍ਹ ਤੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ।
ਇਸ ਨਾਲ ਲਗਭਗ 1500 ਕਰਮਚਾਰੀਆਂ ਅਤੇ 25 ਲੱਖ ਨਿਵਾਸੀਆਂ ਨੂੰ ਰਾਹਤ ਮਿਲੇਗੀ। ਇਸ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਰੀ ਝੰਡੀ ਦੇ ਦਿੱਤੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਦੋਂ ਵੀ ਉਹ ਲੋਕਾਂ ਨੂੰ ਮਿਲੇ ਤਾਂ ਇਸ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਡੇਢ ਸਾਲ ਪਹਿਲਾਂ ਛੱਡ ਗਈ ਸੀ। ਜਦੋਂ ਕੰਪਨੀ ਭੱਜ ਜਾਂਦੀ ਹੈ ਤਾਂ ਸਰਕਾਰ ਬੇਵੱਸ ਹੋ ਜਾਂਦੀ ਹੈ, ਪਰ ਹੁਣ ਜਦੋਂ ਨਗਰ ਨਿਗਮ ਇਸ ਨੂੰ ਚਲਾਏਗੀ ਤਾਂ ਅਜਿਹੀਆਂ ਸਮੱਸਿਆਵਾਂ ਪੈਦਾ ਨਹੀਂ ਹੋਣਗੀਆਂ।