ਚੰਨੀ ਨੇ ਅੱਤਵਾਦੀ ਹਮਲੇ ਨੂੰ ਕਿਹਾ ‘ਸਟੰਟ’, ਲੋਕ ਕੱਢਣਗੇ ਕਾਂਗਰਸ ਦੇ ‘ਵਾਰੰਟ’
ਚਰਨਜੀਤ ਚੰਨੀ ਦੇ ਬਿਆਨ ਨੇ ਕਾਂਗਰਸ ਦਾ ਦੇਸ਼ ਤੇ ਫੌਜ ਵਿਰੋਧੀ ਚਿਹਰਾ ਮੁੜ ਕੀਤਾ ਨੰਗਾ: ਸੁਨੀਲ ਜਾਖੜ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਚ ਭਾਰਤੀ ਹਵਾਈ ਫੌਜ ਦੇ ਵਾਹਨ ਉੱਤੇ ਹੋਏ ਅੱਤਵਾਦੀ ਹਮਲੇ ਨੂੰ ‘ਸਟੰਟ’ ਕਹਿਣ ਨੇ ਜਿੱਥੇ ਇੱਕ ਵਾਰ ਫਿਰ ਕਾਂਗਰਸ ਦਾ ਦੇਸ਼ ਵਿਰੋਧੀ ਚਿਹਰਾ ਨੰਗਾ ਕੀਤਾ ਹੈ, ਉੱਥੇ ਇਸ ਸ਼ਰਮਸਾਰ ਕਰਨ ਵਾਲੀ ਬਿਆਨਬਾਜ਼ੀ ਨੂੰ ਲੈ ਕੇ ਲੋਕ ਕਾਂਗਰਸ ਦਾ ‘ਵਾਰੰਟ’ ਕੱਢਣਗੇ।’
ਇਹ ਪ੍ਰਤੀਕਿਰਿਆ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਆਗੂ ਚਰਨਜੀਤ ਚੰਨੀ ਦੇ ਉਸ ਬਿਆਨ ਉੱਤੇ ਕੀਤੀ, ਜਿਸ ਚ ਉਨ੍ਹਾਂ ਬੀਤੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਚ ਹੋਏ ਅੱਤਵਾਦੀ ਹਮਲੇ ਦੀ ਘਟਨਾ ਨੂੰ ਆਮ ਚੋਣਾਂ ਨਾਲ ਜੋੜਦਿਆਂ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਚੋਣਾਂ ਦੌਰਾਨ ਹੀ ਹੁੰਦੀਆਂ ਹਨ ਤੇ ਭਾਜਪਾ ਨੂੰ ਜਿਤਾਉਣ ਲਈ ਹੀ ਇਹ ਹਮਲੇ ਯੋਜਨਾਬੱਧ ਤਰੀਕੇ ਨਾਲ ਕਰਵਾਏ ਜਾਂਦੇ ਹਨ।
ਚੰਨੀ ਨੇ ਭਾਜਪਾ ‘ਤੇ ਇਲਜ਼ਾਮ ਲਾਇਆ ਸੀ ਕਿ ਕਿਹਾ ਸਭ ਚੋਣਾਂ ਜਿੱਤਣ ਦੀ ਚਾਲ ਹੈ।
ਪ੍ਰਧਾਨ ਜਾਖੜ ਨੇ ਕਿਹਾ ਕਿ ਅਜਿਹਾ ਬਿਆਨ ਦੇਣ ਤੋਂ ਬਾਅਦ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ, ਉਨ੍ਹਾਂ ਦੇ ਬੋਲਾਂ ਨੇ ਕਾਂਗਰਸ ਦੀ ਦੇਸ਼ ਵਿਰੋਧੀ ਕਹਿਣੀ ਤੇ ਕਰਨੀ ਕਾਂਗਰਸ ਨੂੰ ਮੁੜ ਉਜਾਗਰ ਕੀਤਾ।
ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਨ, ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦਾ ਬਿਆਨ ਕਾਂਗਰਸ ਪਾਰਟੀ ਦਾ ਬਿਆਨ ਮੰਨਿਆ ਜਾਵੇਗਾ, ਜੋ ਕਿ ਭਾਰਤੀ ਫੌਜਾਂ ਦੇ ਮਾਣਮੱਤੇ ਇਤਿਹਾਸ ਨੂੰ ਘੱਟੇ ਰੋਲਣ ਤੇ ਵਤਨ ਲਈ ਜਾਨਾਂ ਵਾਰਨ ਦਾ ਜਜ਼ਬਾ ਰੱਖਣ ਵਾਲੇ ਫੌਜੀ ਜਵਾਨਾਂ ਦਾ ਮਨੋਬਲ ਘਟਾਉਣ ਵਾਲਾ ਹੈ।
ਜਾਖੜ ਨੇ ਕਿਹਾ ਕਿ ਇਸ ਦੇਸ਼ ਵਿਰੋਧੀ ਬਿਆਨ ਉੱਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕਾ ਅਰਜੁਨ ਖੜਗੇ ਸਮੇਤ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਇੰਡੀਆ ਅਲਾਇੰਸ ਵਿੱਚ ਸ਼ਾਮਲ ਕਾਂਗਰਸ ਦੀਆਂ ਭਾਈਵਾਲ ਸਿਆਸੀ ਪਾਰਟੀਆਂ ਨੂੰ ਵੀ ਆਪਣਾ ਪੱਖ ਸਪੱਸ਼ਟ ਕਰਨ ਕਿ ਆਪਣਾ ਖ਼ੂਨ ਡੋਲ੍ਹ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀ ਭਾਰਤੀ ਫੌਜ ਪ੍ਰਤੀ ਵਿਰੋਧੀ ਰੱਵਈਏ ਸਬੰਧੀ ਉਨ੍ਹਾਂ ਦੀ ਕੀ ਪਹੁੰਚ ਹੈ।
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਮੇਤ ਭਾਰਤ ਦੇ ਲੋਕ ਕਾਂਗਰਸ ਦੀ ਇਸ ਦੇਸ਼ ਤੇ ਭਾਰਤੀ ਫੌਜ ਵਿਰੋਧੀ ਸੋਚ ਦਾ ਜਵਾਬ ਵੋਟ ਦੀ ਚੋਟ ਨਾਲ ਦੇਣਗੇ।