ਜਲੰਧਰ: ਬਸਪਾ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਜਲੰਧਰ ਦਿਹਾਤੀ ਪੁਲਿਸ ਵੱਲੋਂ ਟ੍ਰੈਫਿਕ ਵਿਵਸਥਾ ਦੇ ਮੱਦੇਨਜ਼ਰ ਢਿੱਲ ਵਰਤੀ ਗਈ। ਇਸ ਗੱਲ ਦਾ ਪ੍ਰਗਟਾਵਾ ਬਸਪਾ ਦੇ ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਡਾ. ਅੰਬੇਡਕਰ ਚੌਕ ਤੋਂ ਤਾਜਪੁਰ-ਭਗਵਾਨਪੁਰ ਤੱਕ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਜਲੰਧਰ ਦਿਹਾਤੀ ਪੁਲਿਸ ਵੱਲੋਂ ਟ੍ਰੈਫਿਕ ਵਿਵਸਥਾ ਦਾ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਰੋਡ ਸ਼ੋਅ ਜਦੋਂ ਪਿੰਡ ਬਾਦਸ਼ਾਹਪੁਰ ਨੇੜੇ ਪਹੁੰਚਿਆ ਤਾਂ ਅਚਾਨਕ ਇੱਕ ਬੱਸ ਤੇ ਕਈ ਗੱਡੀਆਂ ਰੋਡ ਸ਼ੋਅ ’ਚ ਤੇਜ਼ ਰਫਤਾਰ ਨਾਲ ਦਾਖਲ ਹੋ ਗਈਆਂ। ਇਸ ਦੌਰਾਨ ਬਸਪਾ ਵਰਕਰਾਂ ਨੇ ਇੱਕ ਪਾਸੇ ਹੋ ਕੇ ਆਪਣਾ ਬਚਾਅ ਕੀਤਾ। ਇਸ ਘਟਨਾ ਕਰਕੇ ਬਸਪਾ ਵਰਕਰਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਜਗਦੀਸ਼ ਸ਼ੇਰਪੁਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਰੋਡ ਸ਼ੋਅ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਦਿੱਤੀ ਗਈ ਸੀ, ਇਸਦੇ ਬਾਵਜੂਦ ਅਜਿਹੀ ਅਣਹੋਣੀ ਘਟਨਾ ਦਾ ਹੋਣਾ ਜਲੰਧਰ ਦਿਹਾਤੀ ਪੁਲਿਸ ਦੀ ਟ੍ਰੈਫਿਕ ਵਿਵਸਥਾ ’ਤੇ ਗੰਭੀਰ ਸਵਾਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਸਪਾ ਦੇ ਸਮਾਗਮਾਂ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਏ।