ਆਪ ਪਾਰਟੀ ਨੇ ਘੜਿਆ ਭਾਜਪਾ ਉਮੀਦਵਾਰਾਂ ਦੀ ਨੌਮੀਨੇਸ਼ਨ ਰੋਕਣ ਦਾ ਮਨਸੂਬਾ : ਵਿਜੇ ਰੁਪਾਨੀ
ਰਵਨੀਤ ਬਿੱਟੂ ਤੇ ਪਰਮਰਾਜ ਕੌਰ ਮਲੂਕਾ ਨੂੰ ਐਨਓਸੀ ‘ਚ ਦੇਰੀ ਦਾ ਮਾਮਲਾ ਚੋਣ ਕਮਿਸ਼ਨ ਨੂੰ ਭੇਜਿਆ : ਵਿਜੇ ਰੁਪਾਨੀ
ਕੇਜਰੀਵਾਲ ਨੂੰ ਜ਼ਮਾਨਤ ਦਾ ਆਪ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ
ਜਲੰਧਰ : “ਲੋਕ ਸਭਾ ਚੋਣਾਂ ਚ ਆਪਣੀ ਸੰਭਾਵੀ ਹਾਰ ਨੂੰ ਵੇਖ ਕੇ ਬੁਖਲਾਹਟ ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਉਮੀਦਵਾਰਾਂ ਦੀ ਨੌਮੀਨੇਸ਼ਨ ਰੋਕਣ ਦੀ ਸਾਜ਼ਿਸ਼ੀ ਮਨਸੂਬਿਆਂ ਉੱਤੇ ਉਤਰ ਆਈ ਹੈ”। ਇਹ ਇਲਜ਼ਾਮ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਨੇ ਜਲੰਧਰ ਚ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਲਗਾਏ। ਵਿਜੇ ਰੁਪਾਨੀ ਨੇ ਭਾਜਪਾ ਉਮੀਦਵਾਰਾਂ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਸਬੰਧੀ ਵੇਰਵਾ ਦਿੰਦਿਆਂ ਦੱਸਿਆ ਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਸੀ ਕਿ ਅੱਜ 10 ਮਈ ਤੋਂ ਭਾਜਪਾ ਉਮੀਦਵਾਰਾਂ ਨੇ ਨੌਮੀਨੇਸ਼ਨ ਆਰੰਭ ਕਰਨੀ ਹੈ, ਤਾਂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਬੀਤੇ ਕੱਲ੍ਹ ਅੱਧੀ ਰਾਤ ਸਮਾਂ ਕਰੀਬ 11.55 ਮਿੰਟ ਵਜੇ ਕਾਗਜ਼ਾਤ ਦਾਖਲ ਕਰਨ ਲਈ ਜ਼ਰੂਰੀ ਲੋੜੀਂਦੀ ਐਨਓਸੀ ਨਾ ਦੇਣ ਦੇ ਬਹਾਨੇ ਨਾਲ ਇਕ ਕਰੋੜ 82 ਲੱਖ ਰੁਪਏ ਦੇ ਬਕਾਏ ਦਾ ਨੋਟਿਸ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੱਸੇ ਕਿ ਅੱਧੀ ਰਾਤ ਨੂੰ ਕਿਹੜਾ ਸਰਕਾਰੀ ਦਫਤਰ ਖੁੱਲ੍ਹਾ ਹੁੰਦਾ ਹੈ।
ਰੁਪਾਨੀ ਨੇ ਦੱਸਿਆ ਕਿ ਕਮਾਲ ਦੀ ਗੱਲ ਤਾਂ ਇਹ ਹੈ ਕਿ 2019 ਦੀ ਇਲੈਕਸ਼ਨ ਸਮੇਂ ਰਵਨੀਤ ਬਿੱਟੂ ਨੂੰ ਐਨਓਸੀ ਦੇ ਦਿੱਤੀ ਗਈ ਤੇ ਹੁਣ 2024 ਵਿੱਚ ਐਨਓਸੀ ਉੱਤੇ ਮਨਮਰਜ਼ੀ ਨਾਲ ਇਤਰਾਜ਼ ਲਾ ਦਿੱਤਾ। ਏਨਾ ਹੀ ਨਹੀਂ ਰਵਨੀਤ ਬਿੱਟੂ ਨੂੰ ਇਸ ਸਮੇਂ ਦੌਰਾਨ ਬਕਾਏ ਸਬੰਧੀ ਕੋਈ ਵੀ ਨੋਟਿਸ ਨਹੀਂ ਮਿਲਿਆ। ਵਿਜੇ ਰੁਪਾਨੀ ਨੇ ਦੱਸਿਆ ਕਿ ਇਸੇ ਤਰ੍ਹਾਂ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਰਾਜ ਕੌਰ ਸਿੱਧੂ ਮਲੂਕਾ ਨੂੰ ਐਨਓਸੀ ਨਾ ਦੇਣ ਦੀ ਸਾਜ਼ਿਸ਼ ਤਹਿਤ ਨੋਟਿਸ ਦਿੱਤਾ ਗਿਆ। ਰੁਪਾਨੀ ਨੇ ਦੱਸਿਆ ਕਿ ਅੱਜ ਰਵਨੀਤ ਬਿੱਟੂ ਦੀ ਦੁਪਹਿਰ 1 ਵਜੇ ਨੋਮੀਨੇਸ਼ਨ ਸੀ, ਪਰ ਐਨਓਸੀ ਕਰੀਬ 2 ਵਜੇ ਮਿਲੀ, ਉਹ ਵੀ ਉਨ੍ਹਾਂ ਵੱਲੋਂ ਆਪਣੀ ਜ਼ਮੀਨ ਗਹਿਣੇ ਰੱਖ ਕੇ ਬਕਾਇਆ ਜਮ੍ਹਾ ਕਰਵਾਉਣ ਤੋਂ ਬਾਅਦ।
ਸਾਬਕਾ ਸੀਐਮ ਵਿਜੇ ਰੁਪਾਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਸਰਕਾਰ ਦੇ ਇਸ ਧੱਕੜ ਰੱਵਈਏ ਦਾ ਜ਼ੋਰਦਾਰ ਵਿਰੋਧ ਕਰਦੀ ਹੈ ਅਤੇ ਇਸ ਸਬੰਧੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ ਕਿ ਸੂਬੇ ਚ ਸੁਖਾਵੇਂ ਮਾਹੌਲ ਚ ਪਾਰਦਰਸ਼ੀ ਢੰਗ ਨਾਲ ਆਮ ਚੋਣਾਂ ਸਿਰੇ ਚਾੜ੍ਹਨ ਲਈ ਭਗਵੰਤ ਮਾਨ ਸਰਕਾਰ ਉੱਤੇ ਦਬਾਅ ਪਾਇਆ ਜਾਵੇ। ਅੱਜ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਸਬੰਧੀ ਟਿੱਪਣੀ ਕਰਦਿਆਂ ਵਿਜੇ ਰੁਪਾਨੀ ਨੇ ਕਿਹਾ ਕਿ ਬਹੁਤ ਸਾਰੇ ਵਿਰੋਧੀ ਪਾਰਟੀ ਦੇ ਆਗੂ ਭ੍ਰਿਸ਼ਟਾਚਾਰ ਤਹਿਤ ਚੱਲ ਰਹੇ ਮੁਕਦਮਿਆਂ ਦੌਰਾਨ ਜ਼ਮਾਨਤਾਂ ਜ਼ਰੀਏ ਜੇਲ੍ਹਾਂ ਚੋਂ ਬਾਹਰ ਆਏ ਹਨ, ਜਿਨ੍ਹਾਂ ਚੋਂ ਰਾਹੁਲ ਗਾਂਧੀ ਵੀ ਇੱਕ ਹੈ ਤੇ ਹੁਣ ਇਸ ਗਿਣਤੀ ਚ ਕੇਜਰੀਵਾਲ ਦੀ ਜ਼ਮਾਨਤ ਨਾਲ ਇੱਕ ਹੋਰ ਵਾਧਾ ਹੋਇਆ ਹੈ
ਇਸ ਮੌਕੇ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਉਪਰੰਤ ਪੰਜਾਬ ਆਮ ਆਦਮੀ ਪਾਰਟੀ ਨੂੰ ਚੋਣਾਂ ਚ ਕੋਈ ਸਿਆਸੀ ਲਾਹਾ ਮਿਲੇਗਾ, ਸਬੰਧੀ ਸਵਾਲ ਦੇ ਜਵਾਬ ਚ ਵਿਜੇ ਰਪਾਨੀ ਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਇਸ ਤੋਂ ਮਿਲ ਜਾਂਦਾ ਹੈ ਕਿ ਜਿਵੇਂ ਐਕਸ਼ਨ ਉੱਤੇ ਰਿਐਕਸ਼ਨ ਦਾ ਸਿਧਾਂਤ ਹੈ, ਕੀ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪੰਜਾਬ ਚ ਕੋਈ ਰਿਐਕਸ਼ਨ ਨਜ਼ਰ ਆਇਆ ਸੀ ?
ਵਿਜੇ ਰੁਪਾਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਸਿਆਸੀ ਬਦਲਾਅ ਤਹਿਤ ਆਮ ਆਦਮੀ ਪਾਰਟੀ ਨੂੰ ਵੱਡਾ ਸਮੱਰਥਨ ਦਿੱਤਾ ਸੀ, ਪਰ ਹੁਣ ਦੋ ਸਾਲਾਂ ਦੌਰਾਨ ਸੂਬੇ ਦੇ ਲੋਕ ਜਾਣ ਗਏ ਹਨ ਕਿ ਇਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਦੇ ਵਿਰੋਧੀ ਭ੍ਰਿਸ਼ਟ ਆਗੂਆਂ ਦੇ ਇਕੱਠ ਚ ਸ਼ਾਮਲ ਹਨ।
ਗੁਜਰਾਤ ਦੇ ਸਾਬਕਾ ਸੀਐਮ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਚੜ੍ਹਤ ਨਜ਼ਰ ਆਉਣ ਲੱਗ ਪਈ ਹੈ ਤੇ ਆਸ ਹੈ ਕਿ ਭਾਜਪਾ ਸੂਬੇ ਚ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਵੇਗੀ। ਇਸ ਮੌਕੇ ਉਨ੍ਹਾਂ ਨਾਲ ਮਨਿਸਟਰ ਆਫ ਸਟੇਟ ਫਾਰ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਆਫ ਇੰਡੀਆ ਕੈਲਾਸ਼ ਚੌਧਰੀ ਤੇ ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਅਨਿਲ ਸਰੀਨ ਵੀ ਹਾਜ਼ਰ ਸਨ।