ਪੰਜਾਬ ਦੇ ਪ੍ਰਸਿੱਧ ਕਵੀ ਤੇ ਸਾਹਿਤਕਾਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲੁਧਿਆਣਾ ਸਥਿਤ ਆਪਣੇ ਘਰ ਆਖਰੀ ਸਾਹ ਲਿਆ। ਜੀਵਨ ਭਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1941 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ। ਪਦਮਸ੍ਰੀ ਸਾਹਿਤਕਾਰ ਸੁਰਜੀਤ ਪਾਤਰ ਨੇ ਚੌਥੀ ਜਮਾਤ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਹਾਈ ਸਕੂਲ ਤੱਕ ਦੀ ਪੜ੍ਹਾਈ ਕਿਸੇ ਹੋਰ ਪਿੰਡ ਖਹਿਰਾ ਮਾਝਾ ਤੋਂ ਕੀਤੀ। ਜੀਐਨਡੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਪੰਜਾਬ ਦਾ ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਣ ਗਿਆ। ਉਹਨਾਂ ਦੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਦੇਣ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਬੇਹੱਦ ਸ਼ਾਂਤ, ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਸੁਰਜੀਤ ਪਾਤਰ ਜੀ ਪੰਜਾਬ ਦਾ ਮਾਣ ਸਨ, ਹਨ ਤੇ ਹਮੇਸ਼ਾ ਰਹਿਣਗੇ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੁੱਖ ਪ੍ਰਗਟਾਇਆ ਹੈ। ਇਸ ਦੌਰਾਨ ਟਵੀਟ ਕਰ ਲਿਖਿਆ ਹੈ ਕਿ ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਬ ਦੇ ਅਚਾਨਕ ਚਲੇ ਜਾਣ ਤੇ ਬਹੁਤ ਦੁੱਖ ਹੋਇਆ..ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ।
ਸੁਖਬੀਰ ਬਾਦਲ ਨੇ ਟਵੀਟ ਕਰ ਲਿਖਿਆ ਹੈ ਕਿ “ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣਕੇ” ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸ਼੍ਰੀ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸਨੂੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਸ਼ਿਵ ਬਟਾਲਵੀ ਦੇ ਕਾਲ ਤੋਂ ਬਾਅਦ, ਪਾਤਰ ਸਾਹਿਬ ਪੰਜਾਬੀਆਂ ਦੇ ਸਭ ਤੋਂ ਵਧ ਮਕਬੂਲ ਅਤੇ ਪਿਆਰੇ ਸ਼ਾਇਰ ਸਨ। ਮੈਂ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਬੇਸ਼ੁਮਾਰ ਚਾਹੁਣ ਵਾਲਿਆਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਉਹ ਪਾਤਰ ਸਾਹਿਬ ਦੀ ਪਾਵਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਉਹਨਾਂ ਦੇ ਪਰਿਵਾਰ ਤੇ ਦੁਨੀਆਂ ਦੇ ਕੋਨੇ ਕੋਨੇ ਵਿਚ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦਾ ਬਲ ਬਖ਼ਸ਼ਣ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕੇ ਆਖਿਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਉਸ ਨੂੰ ਦੁਨੀਆਂ ਦੇ ਨਕਸ਼ੇ ‘ਤੇ ਚਮਕਾਉਣ ਵਾਲੇ ਸਾਡੇ ਬਹੁਤ ਹੀ ਹਰਮਨ ਪਿਆਰੇ ਪਦਮ ਸ਼੍ਰੀ ਸ. ਸੁਰਜੀਤ ਪਾਤਰ ਜੀ ਦਾ ਅਕਾਲ ਚਲਾਣਾ ਕਰ ਜਾਣਾ ਜਿੱਥੇ ਬਹੁਤ ਹੀ ਦੁੱਖਦਾਈ ਹੈ ਉੱਥੇ ਹੀ ਪੰਜਾਬੀ ਸਾਹਿਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੁੱਖ ਦੀ ਘੜੀ ‘ਚ ਮੇਰੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਹੈ । ਵਾਹਿਗੁਰੂ ਜੀ ਨੂੰ ਨੇਕ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ।