ਬਦਲਾਅ ਦੇ ਨਾਂ ‘ਤੇ ਪੰਜਾਬ ਦੇ ਲੋਕਾਂ ਨਾਲ ਸਿਰਫ ਤੇ ਸਿਰਫ ਧੋਖਾ ਹੋਇਆ, ਬਦਲਾਖੋਰੀ ‘ਤੇ ਉੱਤਰੀ AAP ਸਰਕਾਰ: ਮਹਿੰਦਰ ਸਿੰਘ ਕੇ.ਪੀ
ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿਚ ਗਰਕ ਰਹੀ, ਨਾ ਨੌਕਰੀ ਮਿਲ ਰਹੀ, ਉੱਤੋਂ ਪੈ ਰਹੀ ਮਹਿੰਗਾਈ ਦੀ ਮਾਰ: ਕੁਲਵੰਤ ਸਿੰਘ ਮੰਨਣ
ਜਲੰਧਰ (ਦਿਸ਼ਾ ਸੇਠੀ): ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਜਲੰਧਰ ਨਾਰਥ ‘ਚ ਵਿਨੇ ਨਗਰ ਅਤੇ ਰਾਮ ਨਗਰ ਵਿਚ ਮੀਟਿੰਗਾਂ ਕੀਤੀਆਂ ਗਈਆਂ। ਜਿੱਥੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਵਲੋਂ ਹਲਕੇ ਦੇ ਮੁੱਦਿਆਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਨੇ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਪ੍ਰਭਾਵ ਬਾਰੇ ਵੀ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਰੋਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਸਰਕਾਰ ਨੌਕਰੀਆਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਥਾਂ-ਥਾਂ ਨੌਕਰੀਆਂ ਦੇਣ ਦੇ ਫੋਕੇ ਦਾਅਵਿਆਂ ਵਾਲੇ ਪੋਸਟਰ ਲਗਾਏ ਜਾ ਰਹੇ ਹਨ, ਜਦੋਂ ਕਿ ਹਕੀਕਤ ਕੁਝ ਹੋਰ ਹੀ ਹੈ। ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਨੌਜਵਾਨ ਪੀੜੀ ਨਸ਼ਿਆਂ ਵਿਚ ਕਿਉਂ ਗਰਕ ਰਹੀ ਹੈ। ਨਿੱਤ ਦਿਨ ਨਸ਼ਿਆਂ ਕਾਰਨ ਨੌਜਵਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਨੌਜਵਾਨਾਂ ਦੀਆਂ ਬਾਹਾਂ ਵਿਚ ਸਰਿੰਜਾਂ ਲੱਗੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਇਹ ਸਭ ਪੰਜਾਬ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਨੂੰ ਰੋਕਣ ਵਿਚ ਪੰਜਾਬ ਸਰਕਾਰ ਫੇਲ ਰਹੀ ਹੈ ਅਤੇ ਨਾ ਹੀ ਪੰਜਾਬ ਪੁਲਸ ਵਲੋਂ ਇਸ ‘ਤੇ ਨੱਥ ਪਾਈ ਜਾ ਰਹੀ ਹੈ। ਹਲਕੇ ਦੇ ਲੋਕਾਂ ਦੇ ਨੀਲੇ ਕਾਰਡ ਜੋ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਗਏ ਸਨ ਉਹ ਵੀ ਪੰਜਾਬ ਸਰਕਾਰ ਵਲੋਂ ਕੱਟ ਦਿੱਤੇ ਗਏ ਹਨ ਜਿਸ ਕਾਰਨ ਗਰੀਬਾਂ ਨੂੰ ਜੋ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਸੀ ਉਹ ਹੁਣ ਇਸ ਰਾਸ਼ਨ ਤੋਂ ਵਾਂਝੇ ਹੋ ਗਏ ਹਨ। ਜਦੋਂ ਕਿ ਮਹਿੰਗਾਈ ਦੇ ਇਸ ਦੌਰ ਵਿਚ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ।
ਉਥੇ ਹੀ ਇਸ ਮੀਟਿੰਗ ਵਿਚ ਬੋਲਦਿਆਂ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਵਲੋਂ ਕਿਹਾ ਗਿਆ ਕਿ ਪੰਜਾਬ ਦੀ ਇਕਲੌਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਅਕਾਲੀ ਦਲ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਇਆਂ ਨੂੰ 2 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਇਨ੍ਹਾਂ ਕੋਲੋਂ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਹਨ, ਜਿਸ ਕਾਰਨ ਜਲੰਧਰ ਹਲਕੇ ਵਿਚ ਨਗਰਾਂ ਦਾ ਹਾਲ ਤਰਸਯੋਗ ਹੋਇਆ ਪਿਆ ਹੈ। ਗਲੀਆਂ ਵਿਚ ਸੀਵਰੇਜ ਦੀ ਸਮੱਸਿਆ ਹੀ ਨਹੀਂ ਇਨ੍ਹਾਂ ਤੋਂ ਹੱਲ ਕੀਤੀ ਜਾ ਰਹੀ ਹੈ। ਬਦਲਾਅ ਲਿਆਉਣ ਵਾਲੀ ਪਾਰਟੀ ਹੁਣ ਬਦਲਾਖੋਰੀ ‘ਤੇ ਉੱਤਰ ਆਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ। ਜਿਸ ਵਲੋਂ ਪੰਜਾਬ ਦੇ ਮੁੱਦਿਆਂ ਨੂੰ ਹਮੇਸ਼ਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਅਤੇ ਹਮੇਸ਼ਾ ਪੰਜਾਬ ਨੂੰ ਮੁਖ ਰੱਖਦਿਆਂ ਹੋਇਆਂ ਹੀ ਸੈਂਟਰ ਤੋਂ ਗ੍ਰਾਂਟਾਂ ਲਿਆ-ਲਿਆ ਕੇ ਪੰਜਾਬ ਦਾ ਵਿਕਾਸ ਕਰਵਾਇਆ ਗਿਆ ਹੈ। ਅਕਾਲੀ ਦਲ ਵਲੋਂ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਦਿਆਂ ਹੋਇਆ ਉਨ੍ਹਾਂ ਨੂੰ ਦੀ ਗੱਲ ਸੁਣੀ ਹੈ ਅਤੇ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ। ਉਸ ਦੀ ਪਾਈ-ਪਾਈ ਮੋੜੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਸੱਤਾਧਾਰੀ ਪਾਰਟੀ ਤੋਂ ਬਚਾਉਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਸੱਤਾ ਵਿਚ ਆਇਆਂ ਨੂੰ ਤਕਰੀਬਨ 26 ਮਹੀਨੇ ਹੋ ਚੁੱਕੇ ਹਨ ਜਦੋਂ ਕਿ ਅਜੇ ਤੱਕ ਇਨ੍ਹਾਂ ਨੇ ਆਪਣੇ ਕਹੇ ਬੋਲ ਨਹੀਂ ਪੁਗਾਏ। ਪੰਜਾਬ ਦੀਆਂ ਔਰਤਾਂ ਪੰਜਾਬ ਸਰਕਾਰ ਤੋਂ ਆਪਣਾ ਹੱਕ ਮੰਗ ਰਹੀਆਂ ਹਨ। ਉਥੇ ਹੀ ਬੇਰੋਜ਼ਗਾਰ ਨੌਜਵਾਨ ਜੋ ਕਿ ਨੌਕਰੀਆਂ ਮੰਗ ਰਹੇ ਹਨ ਉਨ੍ਹਾਂ ‘ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਜਦੋਂ ਕਿ ਉਹ ਤਾਂ ਸਿਰਫ ਆਪਣਾ ਹੱਕ ਮੰਗ ਰਹੇ ਹਨ। ਸੈਂਟਰ ਸਰਕਾਰ ‘ਤੇ ਵਰ੍ਹਦਿਆਂ ਸ਼੍ਰੀ ਕੇ.ਪੀ. ਨੇ ਕਿਹਾ ਕਿ ਇੰਨੀ ਮਹਿੰਗਾਈ ਹੋ ਗਈ ਹੈ ਕਿ ਗਰੀਬ ਲਈ ਰੋਟੀ ਕਮਾ ਕੇ ਖਾ ਪਾਉਣਾ ਵੀ ਔਖਾ ਹੋ ਗਿਆ ਹੈ, ਘਰੇਲੂ ਗੈਸ ਸਿਲੰਡਰ ਜੋ ਕਿ ਇੰਨਾ ਮਹਿੰਗਾ ਹੋ ਗਿਆ ਹੈ ਕਿ ਗਰੀਬ ਦੇ ਘਰ ਦਾ ਚੁੱਲਾ ਵੀ ਨਹੀਂ ਬਲ ਰਿਹਾ ਹੈ।