ਆਪ ਅਤੇ ਕਾਂਗਰਸ ਪੰਜਾਬ ਤੋਂ ਬਾਹਰ ਗਠਜੋੜ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਫਕੂਫ ਬਣਾ ਰਹੀਆਂ ਹਨ: ਮਹਿੰਦਰ ਸਿੰਘ ਕੇ.ਪੀ
ਪੰਜਾਬ ਦੀ ਨੌਜਵਾਨ ਪੀੜ੍ਹੀ ਫੱਸਦੀ ਜਾ ਰਹੀ ਨਸ਼ਿਆਂ ਦੀ ਦਲਦਲ ‘ਚ: ਬਲਦੇਵ ਖਹਿਰਾ
ਜਲੰਧਰ (ਦਿਸ਼ਾ ਸੇਠੀ): ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਹਲਕਾ ਫਿਲੌਰ ਤੋਂ ਹਲਕਾ ਇੰਚਾਰਜ ਬਲਦੇਵ ਖਹਿਰਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬਲਦੇਵ ਸਿੰਘ ਨੇ ਇਲਾਕੇ ਵਿਚ ਵੱਧ ਰਹੇ ਨਸ਼ੇ ਬਾਰੇ ਜਾਣੂੰ ਕਰਵਾਇਆ ਅਤੇ ਕਿਹਾ ਕਿ ਪੰਜਾਬ ਨੌਜਵਾਨ ਨਸ਼ੇ ਕਾਰਨ ਮਰ ਰਿਹਾ ਹੈ ਜਿਨ੍ਹਾਂ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਉਹ ਨਸ਼ਿਆਂ ਦੀ ਦਲਦਲ ਵਿਚ ਫੱਸਦਾ ਜਾ ਰਿਹਾ ਹੈ ਜਾਂ ਫਿਰ ਗੈਂਗਸਟਰਵਾਦ ਦੇ ਜਾਲ ਵਿਚ ਫੱਸਦਾ ਜਾ ਰਿਹਾ ਹੈ।
ਪੰਜਾਬ ਦੇ ਮਿਹਨਤਕਸ਼ ਨੌਜਵਾਨ ਜੋ ਕਿ ਹੋਰਨਾਂ ਮੁਲਕਾਂ ਵਿਚ ਜਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕਾ ਹੈ, ਅਜਿਹੇ ਨੌਜਵਾਨਾਂ ਨੂੰ ਪੰਜਾਬ ਵਿਚ ਕੋਈ ਕੰਮ ਹੀ ਨਹੀਂ ਮਿਲ ਰਿਹਾ ਹੈ। ਜਿਹੜੇ ਨੌਜਵਾਨ ਆਪਣਾ ਹੱਕ ਮੰਗਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ‘ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਹੋਰ ਤੇ ਹੋਰ ਪੰਜਾਬ ਵਿਚ ਰਿਸ਼ਵਤਖੋਰੀ ਖੂਬ ਚੱਲ ਰਹੀ ਹੈ। ਕੋਈ ਵੀ ਸਰਕਾਰੀ ਕੰਮ ਕਰਵਾਉਣ ਲਈ ਬਾਬੂਆਂ ਦੀ ਜੇਬ ਗਰਮ ਕਰਨੀ ਪੈ ਰਹੀ ਹੈ, ਬਿਨ੍ਹਾਂ ਜੇਬ ਗਰਮ ਕੀਤਿਆਂ ਕਿਸੇ ਦਾ ਕੋਈ ਸਰਕਾਰੀ ਕੰਮ ਨਹੀਂ ਕਰ ਰਿਹਾ ਹੈ। ਜਿਸ ਤੋਂ ਲੋਕ ਅੱਕੇ ਪਏ ਹਨ ਜਦੋਂ ਕਿ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਉਨ੍ਹਾਂ ਵਲੋਂ ਭ੍ਰਿਸ਼ਟਾਚਾਰ ‘ਤੇ ਨੱਥ ਪਾਈ ਜਾ ਚੁੱਕੀ ਹੈ।
ਉਥੇ ਹੀ ਇਸ ਮੀਟਿੰਗ ਵਿਚ ਬੋਲਦਿਆਂ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਸਿਰਫ ਇਕੋ-ਇਕ ਪਾਰਟੀ ਨੂੰ ਸੱਤਾ ਵਿਚ ਲਿਆਉਣਾ ਪਵੇਗਾ, ਜੋ ਕਿ ਸ਼੍ਰੋਮਣੀ ਅਕਾਲੀ ਦਲ। ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਸਦਾ ਖੜਨ ਵਾਲੀ ਅਤੇ ਪੰਜਾਬ ਦੀ ਆਪਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ।
*ਮਹਿੰਦਰ ਸਿੰਘ ਕੇ.ਪੀ. ਵਲੋਂ ਗੁਰਾਇਆ ਵਿਖੇ ਪਾਰਟੀ ਦਫਤਰ ਦਾ ਕੀਤਾ ਗਿਆ ਉਦਘਾਟਨ*
ਇਸ ਮੌਕੇ ਮਹਿੰਦਰ ਸਿੰਘ ਕੇ.ਪੀ. ਵਲੋਂ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿਚ ਵਰਕਰ ਅਤੇ ਲੋਕ ਹਾਜ਼ਰ ਹੋਏ। ਜਿਨ੍ਹਾਂ ਵਲੋਂ ਪਾਰਟੀ ਦੇ ਹੱਕ ਵਿਚ ਨਾਅਰਾ ਮਾਰਿਆ ਗਿਆ।
ਇਸ ਮੌਕੇ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਮੁੱਦਿਆਂ ਨੂੰ ਹਮੇਸ਼ਾ ਪ੍ਰਮੁੱਖਤਾ ਨਾਲ ਚੁੱਕਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਖਾਤਮੇ ਲਈ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਅਤੇ ਮੁੜ ਪੰਜਾਬ ਨੂੰ ਪੰਜਾਬ ਬਣਾਉਣ ਲਈ ਅਕਾਲੀ ਦਲ ਦੇ ਹੱਕ ਵਿਚ ਭੁਗਤਣਾ ਪਏਗਾ। ਅਕਾਲੀ ਦਲ ਪੰਜਾਬ ਦੀ ਪੁਰਾਣੀ ਪਾਰਟੀ ਹੈ।
ਇਥੇ ਹੀ ਉਨ੍ਹਾਂ ਨੇ ਕਿਹਾ ਕਿ ਆਪ ਅਤੇ ਕਾਂਗਰਸ ਪੰਜਾਬ ਤੋਂ ਬਾਹਰ ਗਠਜੋੜ ਕਰਕੇ ਪੰਜਾਬੀਆਂ ਨੂੰ ਬੇਫਕੂਫ ਬਣਾ ਰਹੀ ਹੈ ਜਦੋਂ ਕਿ ਇਥੇ ਉਹ ਵੱਖ-ਵੱਖ ਉਮੀਦਵਾਰ ਖੜੇ ਕਰਕੇ ਇਕ-ਦੂਜੇ ਦੇ ਖਿਲਾਫ ਹੋਣ ਦਾ ਡਰਾਮਾ ਕਰ ਰਹੀ ਹੈ। ਜਦੋਂ ਕਿ ਇਹ ਪਾਰਟੀਆਂ ਪੰਜਾਬ ਦਾ ਹਿੱਤ ਨਹੀਂ ਸੋਚ ਸਕਦੀਆਂ ਕਿਉਂਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਕੇ ਮੁੜ ਸੱਤਾ ਵਿਚ ਆਉਣਾ ਚਾਹੁੰਦੀਆਂ ਹਨ।