ਆਪ ਨੇ ਲੋਕਤੰਤਰ ਦੇ ਨਾਂ ’ਤੇ ਵੋਟਾਂ ਲੈ ਕੇ ਕੀਤੀ ਤਾਨਾਸ਼ਾਹੀ: ਐਡਵੋਕੇਟ ਬਲਵਿੰਦਰ ਕੁਮਾਰ
ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕਸਭਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਜਲੰਧਰ ਦਿਹਾਤੀ ਖੇਤਰਾਂ ’ਚ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਲੋਕਾਂ ਤੋਂ ਲੋਕਤੰਤਰਿਕ ਵਿਵਸਥਾ ਤਹਿਤ ਵੋਟਾਂ ਮੰਗੀਆਂ, ਪਰ ਸੱਤਾ ਲੈ ਕੇ ਉਨ੍ਹਾਂ ਖਿਲਾਫ ਹੀ ਤਾਨਾਸ਼ਾਹੀ ਰਾਜ ਸਥਾਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਪ ਨੇ ਲਗਾਤਾਰ ਹਰ ਉਸ ਆਵਾਜ਼ ਨੂੰ ਕੁਚਲਣ ਦਾ ਕੰਮ ਕੀਤਾ, ਜਿਸਨੇ ਆਪ ਦੀ ਪੰਜਾਬ ਵਿਰੋਧੀ ਨੀਤੀਆਂ ਖਿਲਾਫ ਸਵਾਲ ਕੀਤਾ। ਪੰਜਾਬ ਦੇ ਲੋਕਾਂ ਖਿਲਾਫ ਝੂਠੇ ਪਰਚੇ ਕੀਤੇ, ਲਾਠੀਚਾਰਜ ਕੀਤਾ ਤੇ ਨਜਾਇਜ਼ ਤੌਰ ’ਤੇ ਪੁਲਿਸ ਹਿਰਾਸਤ ’ਚ ਲਿਆ ਗਿਆ।
ਉਨ੍ਹਾਂ ਕਿਹਾ ਕਿ ਹੁਣ ਫਿਰ ਆਪ ਵੱਲੋਂ ਲੋਕਤੰਤਰ ਦੇ ਨਾਂ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਪਰ ਕੰਮ ਇਸਨੇ ਫਿਰ ਤਾਨਾਸ਼ਾਹੀ ਵਾਂਗ ਹੀ ਕਰਨਾ ਹੈ, ਜਿਸ ਤਰ੍ਹਾਂ ਪਹਿਲਾਂ ਕੀਤਾ। ਆਪ ਨੇ ਲਗਾਤਾਰ ਪੰਜਾਬ ਦੇ ਹਿੱਤਾਂ ਖਿਲਾਫ ਕੰਮ ਕੀਤਾ ਹੈ। ਪੰਜਾਬ ਦੇਸ਼ ਦੇ ਸਭ ਤੋਂ ਵੱਧ ਕਰਜਾਈ ਸੂਬਿਆਂ ’ਚੋਂ ਇੱਕ ਹੈ। ਉਪਰੋਂ ਆਪ ਨੇ ਪਿਛਲੇ ਦੋ ਸਾਲਾਂ ਦੇ ਰਾਜ ’ਚ ਹੀ 80 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰਜ਼ਾ ਲੈ ਲਿਆ ਤੇ ਇਸ ਕਰਜ਼ੇ ਦੇ ਪੈਸੇ ਨਾਲ ਦੇਸ਼ ਭਰ ’ਚ ਆਪਣੀ ਰਾਜਨੀਤੀ ਵਧਾਉਣ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਦੇ ਹਿੱਤਾਂ ਖਿਲਾਫ ਕੰਮ ਕਰਦੇ ਹਨ, ਲੋਕਾਂ ਨੂੰ ਉਨ੍ਹਾਂ ਨੂੰ ਨਕਾਰਨਾ ਚਾਹੀਦਾ ਹੈ।