ਸ਼੍ਰੋਮਣੀ ਅਕਾਲੀ ਦਲ ਪੰਜਾਬ ਨਾਲ ਜੁੜੀ ਪਾਰਟੀ ਹੈ, ਬਾਕੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ : ਮਹਿੰਦਰ ਸਿੰਘ ਕੇ.ਪੀ
2 ਸਾਲ ਹੋ ਗਏ ਸਰਕਾਰ ਆਈ ਨੂੰ ਔਰਤਾਂ ਨੂੰ ਅਜੇ ਤੱਕ ਨਹੀਂ ਮਿਲੇ 1000-1000 ਰੁਪਏ : ਅਮਰਜੀਤ ਸਿੰਘ ਕਿਸ਼ਨਪੁਰਾ
ਸ਼੍ਰੋਮਣੀ ਅਕਾਲੀ ਦਲ ਵਲੋਂ ਗਰੀਬਾਂ ਦੇ ਬਣਾਏ ਨੀਲੇ ਕਾਰਡ ਬੰਦ ਕਰ ਰਹੀ ਹੈ ਪੰਜਾਬ ਸਰਕਾਰ : ਕੁਲਵੰਤ ਸਿੰਘ ਮੰਨਣ
ਜਲੰਧਰ (ਦਿਸ਼ਾ ਸੇਠੀ): ਜਲੰਧਰ ਦੇ ਨਾਰਥ ਹਲਕੇ ਦੇ ਕਿਸ਼ਨਪੁਰਾ ਅਤੇ ਗੋਪਾਲ ਨਗਰ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਰਕਰ ਅਤੇ ਲੋਕ ਮੀਟਿੰਗ ਕੀਤੀ ਗਈ। ਜਿਸ ਵਿਚ ਭਰਵਾਂ ਇਕੱਠ ਵੇਖਣ ਨੂੰ ਮਿਲਿਆ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਿਤ ਕਰਦਾ ਹੈ ਕਿ ਲੋਕ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਬਦਲਾਅ ਦੇ ਨਾਂ ‘ਤੇ ਸੱਤਾ ਵਿਚ ਆਉਣ ਵਾਲੇ ਬਦਲਾਖੋਰੀ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਲੋਕਾਂ ਦੇ ਮਸਲੇ ਉਥੋਂ ਦੇ ਉਥੇ ਹੀ ਹਨ, ਨਾ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਹੀ ਸੁਣੀਆਂ ਜਾ ਰਹੀਆਂ ਹਨ ਅਤੇ ਨਾ ਹੀ ਸਰਕਾਰ ਵਲੋਂ ਉਸ ਪਾਸੇ ਕੋਈ ਧਿਆਨ ਹੀ ਦਿੱਤਾ ਜਾ ਰਿਹਾ ਹੈ। ਗਰੀਬ ਲੋਕਾਂ ਦੇ ਰਾਸ਼ਨ ਦੇ ਜੋ ਕਾਰਡ ਬਣਾਏ ਗਏ ਸਨ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪਹਿਲਾਂ ਕਾਂਗਰਸ ਨੇ ਸੱਤਾ ਵਿਚ ਆਉਣ ਤੋਂ ਬਾਅਦ ਕੱਟ ਦਿੱਤਾ ਹੁਣ ਜਦੋਂ ਆਪ ਦੀ ਸਰਕਾਰ ਹੈ ਤਾਂ ਇਨ੍ਹਾਂ ਨੇ ਵੀ ਉਹ ਕੰਮ ਕੀਤਾ ਜਿਸ ਕਾਰਨ ਗਰੀਬ ਲੋਕ ਰੋਟੀ ਖਾਣ ਤੋਂ ਵੀ ਆਵਾਜ਼ਾਰ ਹੋ ਗਏ ਹਨ। ਇਸ ਮਹਿੰਗਾਈ ਦੇ ਦੌਰ ਵਿਚ 2 ਡੰਗ ਦੀ ਰੋਟੀ ਖਾਣਾ ਵੀ ਔਖਾ ਹੋਇਆ ਪਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜੋ ਗਰੀਬਾਂ ਨੂੰ ਰਾਹਤ ਦਿੱਤੀ ਗਈ ਸੀ ਇਨ੍ਹਾਂ ਦੋਹਾਂ ਪਾਰਟੀਆਂ ਨੇ ਉਸ ਨੂੰ ਵੀ ਰੋਕ ਦਿੱਤਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੋਵੇਂ ਪਾਰਟੀਆਂ ਲੋਕ ਮਾਰੂ ਨੀਤੀਆਂ ‘ਤੇ ਉਤਾਰੂ ਹੋਏ ਪਏ ਹਨ। ਇਸ ਲਈ ਸਮਾਂ ਆ ਗਿਆ ਹੈ ਕਿ ਇਨ੍ਹਾਂ ਨੂੰ ਹੁਣ ਚਲਦਾ ਕਰਨਾ ਚਾਹੀਦਾ ਹੈ ਤਾਂ ਜੋ ਗਰੀਬ ਲੋਕਾਂ ਨੂੰ ਜੋ ਸਹੂਲਤਾਂ ਮਿਲਦੀਆਂ ਸਨ ਉਹ ਦੁਬਾਰਾ ਤੋਂ ਚਾਲੂ ਕਰਵਾਈਆਂ ਜਾ ਸਕਣ।
ਉਥੇ ਹੀ ਕ੍ਰਿਸ਼ਨਪੁਰਾ ਤੋਂ ਅਕਾਲੀ ਦਲ ਸੀਨੀਅਰ ਆਗੂ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵਲੋਂ ਤਕਰੀਬਨ ਦੋ ਸਾਲ ਬਾਅਦ ਵੀ ਔਰਤਾਂ ਨੂੰ 1000 ਰੁਪਏ ਨਹੀਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਝੂਠ ਬੋਲ ਕੇ ਸੱਤਾ ਵਿਚ ਆਏ ਹਨ ਜਦੋਂ ਕਿ ਇਹਨ੍ਹਾਂ ਨੇ ਪੰਜਾਬ ਦੇ ਸਿਰ ਕਰਜ਼ਾ ਚੜ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਤੱਕ ਅਜੇ ਤੱਕ ਨਹੀਂ ਕਰਵਾਈਆਂ ਗਈਆਂ ਹਨ, ਜਿਸ ਕਾਰਨ ਨਗਰਾਂ ਦਾ ਕੰਮ ਵੀ ਨਹੀਂ ਹੋ ਰਿਹਾ ਹੈ, ਸੀਵਰੇਜ ਦੀ ਸਮੱਸਿਆ ਕਾਰਨ ਵੀ ਲੋਕ ਪ੍ਰੇਸ਼ਾਨ ਹੋਏ ਪਏ ਹਨ। ਭ੍ਰਿਸ਼ਟਾਚਾਰ ਕਾਰਨ ਵੀ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਹੈ ਲੋਕ ਕੋਈ ਵੀ ਸਰਕਾਰੀ ਕੰਮ ਕਰਵਾਉਣ ਲਈ ਜਾਂਦੇ ਹਨ ਤਾਂ ਉਨ੍ਹਾਂ ਕੋਲੋਂ ਰਿਸ਼ਵਤ ਮੰਗੀ ਜਾਂਦੀ ਹੈ। ਮਹਿੰਗਾਈ ਦੇ ਇਸ ਦੌਰ ਵਿਚ ਆਪਣਾ ਹੀ ਗੁਜ਼ਾਰਾ ਨਹੀਂ ਹੁੰਦਾ ਉੱਤੋਂ ਅਜਿਹੇ ਰਿਸ਼ਵਤਖੋਰਾਂ ਲਈ ਲੋਕ ਕਿੱਥੋਂ ਪੈਸੇ ਕੱਢਣ।
ਉਥੇ ਹੀ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਵਲੋਂ ਬੋਲਦਿਆਂ ਕਿਹਾ ਗਿਆ ਕਿ ਅਕਾਲੀ ਦਲ ਦੇ ਸੱਤਾ ਵਿਚ ਰਹਿੰਦਿਆਂ ਅਜਿਹੀ ਕੋਈ ਵੀ ਸਮੱਸਿਆ ਕਦੇ ਲੋਕਾਂ ਨੂੰ ਦਰਪੇਸ਼ ਹੀਂ ਆਈ। ਉਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਨਾਲ ਜੁੜੀ ਹੋਈ ਪਾਰਟੀ ਹੈ ਜਦੋਂ ਕਿ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਕਿਉਂਕਿ ਉਨ੍ਹਾਂ ਦੇ ਆਕਾ ਦਿੱਲੀ ਬੈਠੇ ਹਨ ਅਤੇ ਉਹ ਜੋ ਹੁਕਮ ਦਿੰਦੇ ਹਨ ਉਸੇ ਤਰ੍ਹਾਂ ਇਹ ਪਾਰਟੀਆਂ ਕਰਦੀਆਂ ਹਨ।