ਆਪ ਤੇ ਕਾਂਗਰਸ ਖੇਡ ਰਹੀ ਫਰੈਂਡਲੀ ਮੈਚ, ਰਾਜਾ ਵੜਿੰਗ ਨੂੰ ਮਹਿੰਦਰ ਸਿੰਘ ਕੇ.ਪੀ. ਨੇ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਵਿਚੋਂ ਨਸ਼ੇ ਦਾ ਖਾਤਮਾ ਕਰਨ ਵਿਚ ਫੇਲ ਰਹੀ ਪੰਜਾਬ ਸਰਕਾਰ- ਗੁਰਪ੍ਰਤਾਪ ਸਿੰਘ ਵਡਾਲਾ
ਜਲੰਧਰ (ਦਿਸ਼ਾ ਸੇਠੀ): ਆਦਮਪੁਰ ਹਲਕੇ ਚ ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿਚ ਵਰਕਰ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ। ਮੀਟਿੰਗ ਦੌਰਾਨ ਵਡਾਲਾ ਨੇ ਕਿਹਾ ਕਿ ਹਲਕੇ ਵਿਚ ਫਲਾਈਓਵਰ ਬਣ ਰਿਹਾ ਹੈ ਜਿਸ ਦਾ ਕੰਮ ਕਾਫੀ ਸਮੇਂ ਤੋਂ ਬੰਦ ਪਿਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿਚ ਬੜੀ ਮੁਸ਼ਕਲ ਹੁੰਦੀ ਹੈ ਉਥੇ ਹੀ ਸੜਕ ਪੱਟੀ ਹੋਣ ਕਾਰਨ ਦੁਕਾਨਦਾਰਾਂ ਨੂੰ ਵੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਕਾਰਨ ਨੌਜਵਾਨ ਮੌਤ ਦੇ ਮੂੰਹ ‘ਚ ਪੈ ਰਹੇ ਹਨ। ਜਦੋਂ ਕਿ ਪੰਜਾਬ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਨਸ਼ੇ ਦਾ ਖਾਤਮਾ ਕਰ ਦਿੱਥਾ ਜਾਵੇਗਾ ਜਦੋਂ ਕਿ ਨਸ਼ਿਆਂ ਦੇ ਮਾਮਲੇ ਵਿਚ ਭਾਰੀ ਵਾਧਾ ਹੋ ਗਿਆ ਹੈ ਜਿਸ ਕਾਰਨ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿਚ ਫੱਸਦੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਵਲੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅਕਾਲੀ ‘ਤੇ ਝੂਠੇ ਇਲਜ਼ਾਮ ਲਗਾ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਬਾਕੀਆਂ ਨੂੰ ਕਹਿਣ ਤੋਂ ਪਹਿਲਾਂ ਆਪਣੀ ਮੰਜੀ ਹੇਠ ਸੋਟੀ ਫੇਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਇਲਜ਼ਾਮ ਉਹ ਅਕਾਲੀ ਦਲ ‘ਤੇ ਲਗਾ ਰਹੇ ਹਨ। ਰਾਜਾ ਵੜਿੰਗ ‘ਤੇ ਵਰ੍ਹਦਿਆਂ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਲੀਡਰ ਸਿਰਫ ਕਾਨੂੰਨੀ ਕੇਸਾਂ ਅਤੇ ਈ.ਡੀ. ਦੇ ਡਰ ਕਾਰਨ ਬੀਜੇਪੀ ਦਾ ਪੱਲਾ ਫੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਕਾਰਨ ਅੱਜ ਕਾਂਗਰਸ ਪਾਰਟੀ ਹਾਸ਼ੀਏ ‘ਤੇ ਪੁੱਜ ਗਈ ਹੈ। ਜਦੋਂ ਕਿ ਅਕਾਲੀ ਦਲ ਹਮੇਸ਼ਾ ਆਪਣੇ ਸਟੈਂਡ ‘ਤੇ ਡਟੀ ਹੋਈ ਹੈ। ਕਿਸਾਨੀ ਮਸਲੇ ‘ਤੇ ਅਕਾਲੀ ਦਲ ਵਲੋਂ ਸਟੈਂਡ ਲਿਆ ਗਿਆ।
ਦਰਅਸਲ ਉਹ ਉਲਟ ਬੋਲ ਰਹੇ ਹਨ ਜਦੋਂ ਕਿ ਸਭ ਨੂੰ ਪਤਾ ਹੈ ਕਿ ਆਪ ਅਤੇ ਕਾਂਗਰਸ ਪੰਜਾਬ ਵਿਚ ਫਰੈਂਡਲੀ ਮੈਚ ਖੇਡ ਰਹੀ ਹੈ। ਕਾਂਗਰਸ ਦਾ ਪੰਜਾਬ ਤੋਂ ਬਾਹਰ ਆਪ ਨਾਲ ਗਠਜੋੜ ਹੈ ਜਦੋਂ ਕਿ ਪੰਜਾਬ ਵਿਚ ਇਨ੍ਹਾਂ ਵਲੋਂ ਗਠਜੋੜ ਨਾ ਕਰ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਪੁਰਾਣਾ ਪੰਜਾਬ ਦਾ ਖੇਤਰੀ ਦਲ ਹੈ। ਉਨ੍ਹਾਂ ਕਿਹਾ ਕਿ ਲੋਕ ਦਿੱਲੀ ਆਧਾਰਿਤ ਪਾਰਟੀਆਂ ਤੋਂ ਸੁਚੇਤ ਰਹਿਣ ਜੋ ਕਿ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਨੂੰ ਰੋਕਣਾ ਚਾਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਿਧਾਂਤਾਂ ’ਤੇ ਡੱਟ ਪਹਿਰਾ ਦਿੱਤਾ ਜਾ ਰਿਹਾ ਹੈ, ਤੇ ਸਿੱਖ ਕੌਮ ਤੇ ਪੰਜਾਬ ਦੇ ਮੁੱਦਿਆਂ ਨੂੰ ਸਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਪ ਤੇ ਕਾਂਗਰਸ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਚੋਣ ਅਖਾੜੇ ਵਿਚ ਆਪੋ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ।