ਕਾਂਗਰਸ, ਭਾਜਪਾ, ਆਪ ਨੇ ਲੋਕਾਂ ਦੀਆਂ ਵੋਟਾਂ ਲੈ ਕੇ ਉਨ੍ਹਾਂ ਖਿਲਾਫ ਹੀ ਬਣਾਈਆਂ ਨੀਤੀਆਂ : ਐਡਵੋਕੇਟ ਬਲਵਿੰਦਰ ਕੁਮਾਰ
ਜਲੰਧਰ (ਦਿਸ਼ਾ ਸੇਠੀ): ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕਸਭਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਰਤਾਰਪੁਰ ਵਿਖੇ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਕਾਂਗਰਸ, ਭਾਜਪਾ ਤੇ ਆਪ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਸਰਕਾਰੀ ਸਿਹਤ ਸੇਵਾਵਾਂ ਦੇ ਨਿਘਾਰ ਲਈ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਅੱਜ ਸਥਿਤੀ ਇਹ ਹੈ ਕਿ ਸਰਕਾਰੀ ਹਸਪਤਾਲਾਂ ’ਚ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ ਤੇ ਮਹਿੰਗਾ ਪ੍ਰਾਈਵੇਟ ਇਲਾਜ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ’ਚ ਲੰਬਾ ਸਮਾਂ ਰਾਜ ਕੀਤਾ ਤੇ ਇਸ ਦੌਰਾਨ ਖੁਦ ਨੂੰ ਗਰੀਬਾਂ ਦੀ ਪਾਰਟੀ ਦੇ ਤੌਰ ’ਤੇ ਪੇਸ਼ ਕੀਤਾ ਹੈ। ਕਾਂਗਰਸ ਨੇ ਇਨ੍ਹਾਂ ਦੀਆਂ ਵੋਟਾਂ ’ਤੇ ਹੀ ਸੱਤ੍ਹਾ ਹਾਸਿਲ ਕੀਤੀ ਤੇ ਇਨ੍ਹਾਂ ਖਿਲਾਫ ਹੀ ਨੀਤੀਆਂ ਬਣਾਈਆਂ। ਇਸ ਕਰਕੇ ਇਲਾਜ ਲਗਾਤਾਰ ਮਹਿੰਗਾ ਕੀਤਾ ਗਿਆ ਤੇ ਲੋਕ ਅੱਜ ਬੇਇਲਾਜੇ ਮਰਨ ਦੇ ਲਈ ਮਜਬੂਰ ਹਨ।
ਕਾਂਗਰਸ ਨੇ ਆਪਣੇ ਪਿਛਲੇ ਰਾਜ ’ਚ ਸਰਕਾਰੀ ਡਿਸਪੈਂਸਰੀਆਂ ਲਈ ਦਵਾਈ ਹੀ ਨਹੀਂ ਖਰੀਦੀ। ਸਰਕਾਰੀ ਹਸਪਤਾਲਾਂ ’ਚ ਨਿਘਾਰ ਲਿਆ ਕੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲ ਤੋਰਿਆ। ਇਸ ਨੀਤੀ ਨੂੰ ਹੀ ਆਪ ਸਰਕਾਰ ਨੇ ਅੱਗੇ ਵਧਾਇਆ ਤੇ ਲੋਕਾਂ ਦੇ ਸਿਹਤ ਕਾਰਡ ਵੀ ਬੰਦ ਕਰ ਦਿੱਤੇ। ਭਾਜਪਾ ਨੇ ਵੀ ਕੇਂਦਰ ’ਚ ਇਲਾਜ ਲੋਕਾਂ ਦੀ ਪਹੁੰਚ ’ਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਸਿੱਟਾ ਇਹ ਹੈ ਕਿ ਇਲਾਜ ਕਰਵਾਉਣਾ ਲੋਕਾਂ ਦੀ ਪਹੁੰਚ ’ਚ ਨਹੀਂ ਰਿਹਾ ਤੇ ਇਲਾਜ ਮਹਿੰਗਾ ਹੋਣ ਕਰਕੇ ਲੋਕ ਬੇਇਲਾਜੇ ਮਰਨ ਲਈ ਮਜਬੂਰ ਹਨ।