ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕਰਵਾ ਸ਼੍ਰੋਮਣੀ ਅਕਾਲੀ ਦਲ ਨੂੰ ਕਰੋ ਮਜ਼ਬੂਤ- ਮਹਿੰਦਰ ਸਿੰਘ ਕੇ.ਪੀ
ਬਦਲਾਅ ਵਾਲੀ ਪਾਰਟੀ ਦੀ ਬਦਲਾਖੋਰੀ ਤੋਂ ਲੋਕ ਤੰਗ ਆ ਚੁੱਕੇ : ਬਲਦੇਵ ਖੈਰਾ
ਜਲੰਧਰ (ਦਿਸ਼ਾ ਸੇਠੀ): ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਦੀ ਅਗਵਾਈ ਵਿਚ ਫਿਲੌਰ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਹਾਜ਼ਰ ਹੋਏ। ਇਸ ਮੌਕੇ ਹਲਕਾ ਇੰਚਾਰਜ ਬਲਦੇਵ ਖੈਰਾ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਦੀ ਮੰਸ਼ਾ ਪੰਜਾਬ ਲਈ ਸਾਫ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਬਦਲਾਅ ਵਾਲੀ ਪਾਰਟੀ ਦੀ ਬਦਲਾਖੋਰੀ ਵਾਲੀ ਨੀਤੀ ਤੋਂ ਲੋਕ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕ੍ਰਾਈਮ ਤੇ ਨਸ਼ਾ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਲੋਕਾਂ ਨੂੰ ਘਰਾਂ ਵਿਚ ਬੈਠਿਆਂ ਨੂੰ ਫੋਨਾਂ ‘ਤੇ ਧਮਕੀਆਂ ਮਿਲ ਰਹੀਆਂ ਹਨ। ਨਸ਼ੇੜੀਆਂ ਵਲੋਂ ਸ਼ਰ੍ਹੇਆਮ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਦੋਂ ਕਿ ਪੁਲਸ ਵਲੋਂ ਕਾਰਵਾਈ ਦੇ ਨਾਂ ‘ਤੇ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਰੁਜ਼ਗਾਰ ਤੋਂ ਵਾਂਝੀ ਹੋ ਗਈ ਹੈ ਅਤੇ ਨਸ਼ਿਆਂ ਦੀ ਦਲਦਲ ਵਿਚ ਫੱਸਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਅਖਬਾਰਾਂ ਵਿਚ ਖਬਰਾਂ ਛੱਪਦੀਆਂ ਹਨ ਕਿ ਫਲਾਨੀ ਥਾਂ ਨੌਜਵਾਨ ਦੀ ਬਾਂਹ ਵਿਚ ਸਰਿੰਜ ਲੱਗੀ ਰਹਿ ਗਈ ਅਤੇ ਉਸ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਉਥੇ ਹੀ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਮਰਹੂਮ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਕਿੰਨਾ ਵਿਕਾਸ ਕਰਵਾ ਦਿੱਤਾ। ਪੰਜਾਬ ਵਿਚ 4 ਲੇਨ 6 ਲੇਨ ਸੜਕਾਂ ਬਣਵਾ ਦਿੱਤੀਆਂ। ਹਰ ਘਰ ਵਿਚ 24 ਘੰਟੇ ਬਿਜਲੀ ਸਪਲਾਈ ਹੋਣ ਲੱਗ ਪਈ। ਪੰਜਾਬ ਸਿੱਖਿਆ ਵਿਚ ਪਹਿਲੇ ਨੰਬਰ ‘ਤੇ ਆਉਣ ਲੱਗਾ।
ਗਰੀਬਾਂ ਨੂੰ ਹਸਪਤਾਲ ਜਾਣ ਵਿਚ ਦਿੱਕਤ ਹੁੰਦੀ ਸੀ ਤਾਂ ਉਨ੍ਹਾਂ 108 ਐਂਬੂਲੈਂਸ ਸੇਵਾ ਸ਼ੁਰੂ ਕਰਵਾਈ ਤਾਂ ਹਰ ਗਰੀਬ ਨੂੰ ਆਪਣੇ ਮਰੀਜ਼ ਪਰਿਵਾਰਕ ਮੈਂਬਰ ਨੂੰ ਹਸਪਤਾਲ ਲਿਜਾਉਣ ਵਿਚ ਹੁਣ ਕੋਈ ਦਿੱਕਤ ਨਹੀਂ ਹੁੰਦੀ। ਸਰਕਾਰ ਦੇ ਇੰਨ੍ਹਾਂ ਕੰਮਾਂ ਦੀ ਹੁਣ ਵੀ ਲੋਕਾਂ ਵਿਚ ਗੱਲਾਂ ਹੁੰਦੀਆਂ ਹਨ ਤੇ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ।

