ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਪੰਜਾਬ ਦਾ ਅਥਾਹ ਵਿਕਾਸ : ਮਹਿੰਦਰ ਸਿੰਘ ਕੇ.ਪੀ
ਜਲੰਧਰ (ਦਿਸ਼ਾ ਸੇਠੀ): ਜਲੰਧਰ ਤੋਂ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਵਲੋਂ ਅੱਜ ਆਦਮਪੁਰ ‘ਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚੋਂ ਮੈਨੂੰ ਲੋਕਾਂ ਵਲੋਂ ਭਰਪੂਰ ਪਿਆਰ ਮਿਲਿਆ ਹੈ ਅਤੇ ਮਿਲਦਾ ਰਹੇਗਾ।
ਉਨ੍ਹਾਂ ਕਿਹਾ ਕਿ ਇਥੋਂ ਲੋਕ ਉਨ੍ਹਾਂ ਨੂੰ ਜ਼ਰੂਰ ਰੱਜਵਾਂ ਪਿਆਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਗੱਲ ਕਰੀਏ ਇਨ੍ਹਾਂ ਇਲੈਕਸ਼ਨਾਂ ਦੀ ਤਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਦੇ ਵਿਚ ਲੋਕਾਂ ਦੇ ਵੱਡੇ ਇਕੱਠ ਹੋ ਰਹੇ ਹਨ।
ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਹੈ ਪਰ ਹੁਣ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਾ ਪਿਆ ਹੈ ਕਿ ਪੰਜਾਬ ਦੇ ਵਿਚ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਸਿਰਫ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਲਾਅ ਐਂਡ ਆਰਡਰ ਨਹੀਂ ਰਿਹਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਸੀ,ਉਥੇ ਹੀ ਵੱਡੇ ਪੱਧਰ ‘ਤੇ ਨੌਜਵਾਨ ਪੰਜਾਬ ਵਿਚ ਰਹਿ ਕੇ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੇ ਸੀ, ਜਦੋਂ ਕਿ ਹੁਣ ਦੀਆਂ ਸਰਕਾਰਾਂ ਨੇ ਉਲਟ ਹਵਾ ਚਲਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਪਾਣੀ ਦੀ ਰਾਖੀ ਲਈ ਪੂਰਾ ਜ਼ੋਰ ਲਾ ਦਿੱਤਾ ਅਤੇ ਅੱਗੋਂ ਵੀ ਪਾਣੀਆਂ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਆਵਾਜ਼ ਚੁੱਕਦੀ ਰਹੇਗੀ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਲੋਟੂ ਪਾਰਟੀਆਂ ਦੇ ਰਾਹ ਵਿਚ ਰੁਕਾਵਟ ਬਣਿਆ ਹੋਇਆ ਹੈ।
ਅਕਾਲੀ ਦਲ ਦੀ ਸਰਕਾਰ ਸਮੇਂ ਮਰਹੂਮ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਕਿੰਨਾ ਵਿਕਾਸ ਕਰਵਾ ਦਿੱਤਾ। ਪੰਜਾਬ ਵਿਚ 4 ਲੇਨ 6 ਲੇਨ ਸੜਕਾਂ ਬਣਵਾ ਦਿੱਤੀਆਂ। ਹਰ ਘਰ ਵਿਚ 24 ਘੰਟੇ ਬਿਜਲੀ ਸਪਲਾਈ ਹੋਣ ਲੱਗ ਪਈ। ਪੰਜਾਬ ਸਿੱਖਿਆ ਵਿਚ ਪਹਿਲੇ ਨੰਬਰ ‘ਤੇ ਆਉਣ ਲੱਗਾ। ਗਰੀਬਾਂ ਨੂੰ ਹਸਪਤਾਲ ਜਾਣ ਵਿਚ ਦਿੱਕਤ ਹੁੰਦੀ ਸੀ ਤਾਂ ਉਨ੍ਹਾਂ 108 ਐਂਬੂਲੈਂਸ ਸੇਵਾ ਸ਼ੁਰੂ ਕਰਵਾਈ ਤਾਂ ਹਰ ਗਰੀਬ ਨੂੰ ਆਪਣੇ ਮਰੀਜ਼ ਪਰਿਵਾਰਕ ਮੈਂਬਰ ਨੂੰ ਹਸਪਤਾਲ ਲਿਜਾਉਣ ਵਿਚ ਹੁਣ ਕੋਈ ਦਿੱਕਤ ਨਹੀਂ ਹੁੰਦੀ। ਸਰਕਾਰ ਦੇ ਇੰਨ੍ਹਾਂ ਕੰਮਾਂ ਦੀ ਹੁਣ ਵੀ ਲੋਕਾਂ ਵਿਚ ਗੱਲਾਂ ਹੁੰਦੀਆਂ ਹਨ ਤੇ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ।

