ਚੰਡੀਗੜ (ਦਿਸ਼ਾ ਸੇਠੀ): ਕਾਂਗਰਸ ਹਾਈਕਮਾਨ ਅਤੇ ਖ਼ਾਸਕਰ ਗਾਂਧੀ ਪਰਿਵਾਰ ਦੇ ਨਾਲ ਆਪਣੇ ਨਜ਼ਦੀਕੀ ਰਿਸ਼ਤਿਆਂ ਕਾਰਨ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਸ: ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਨਾਲ ਇਹ ਸੰਕੇਤ ਮਿਲਿਆ ਹੈ ਕਿ ਕਾਂਗਰਸ ਹਾਈਕਮਾਨ ਅਤੇ ਸ: ਸਿੱਧੂ ਵਿਚਾਲੇ ਪਹਿਲਾਂ ਵਾਲਾ ਨਿੱਘ ਨਹੀਂ ਰਿਹਾ, ਸਗੋਂ ਗੱਲ ਦੂਰੀ ਵੱਲ ਵਧ ਰਹੀ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਪਾਰਟੀ ਹਾਈਕਮਾਨ ਦੇ ਹੁਕਮਾਂ ਅਨੁਸਾਰ’ ਸ: ਸਿੱਧੂ ਦੀ ਅਗਵਾਈ ਵਾਲੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ ਦਾ ਇੰਚਾਰਜ ਲਗਾ ਦਿੱਤਾ ਹੈ। ਇਸ ਸੰਬੰਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ 14 ਅਪ੍ਰੈਲ ਦੀ ਲਿਖ਼ੀ ਹੋਈ ਇੱਕ ਚਿੱਠੀ ਨੂੰ ਖ਼ੁਦ ਸ: ਜਸਬੀਰ ਸਿੰਘ ਗਿੱਲ ਡਿੰਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ‘ਸ਼ੇਅਰ’ ਕੀਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਸ੍ਰੀਮਤੀ ਨਵਜੋਤ ਕੌਰ ਸਿੱਧੂ ਅਤੇ ਫ਼ਿਰ ਖ਼ੁਦ ਸ: ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲਾ ਇਹ ਹਲਕਾ 2022 ਚੋਣਾਂ ਵਿੱਚ ਸ: ਨਵਜੋਤ ਸਿੰਘ ਸਿੱਧੂ ਦੀ ‘ਆਮ ਆਦਮੀ ਪਾਰਟੀ’ ਦੀ ਜੀਵਨ ਜੋਤ ਕੌਰ ਤੋਂ ਹਾਰ ਉਪਰੰਤ ਇਸ ਹਲਕੇ ਤੋਂ ਨਾਦਾਰਦ ਰਹੇ ਹਨ ਹਾਲਾਂਕਿ ਇਹ ਵੀ ਹਕੀਕਤ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਚੱਲੇ ਆ ਰਹੇ ਹਨ ਜਿਸ ਕਰਕੇ ਉਨ੍ਹਾਂ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਵਧੀਆਂ ਹੋਈਆਂ ਹਨ।
ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਸ: ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਰਹੇ ਅਤੇ ਉਨ੍ਹਾਂ ਨੇ ਪੰਜਾਬ ਦੇ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਸਗੋਂ ਉਹ ਇਸ ਦੌਰਾਨ ਆਈ.ਪੀ.ਐੱਲ.ਦੀ ਕੁਮੈਂਟਰੀ ਵਿੱਚ ਰੁੱਝੇ ਰਹੇ।
ਇਸ ਮਾਮਲੇ ਵਿੱਚ ਵੀ ਸਿੱਧੂ ਕੈਂਪ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਲਈ ਆਪਣੀ ਅਤੇ ਪਰਿਵਾਰ ਦੀ ਗੁਜ਼ਰ ਬਸਰ ਲਈ ਕਮੈਂਟਰੀ ਕਰਨਾ ਇੱਕ ਜ਼ਰੂਰਤ ਸੀ ਪਰ ਇਹ ਵੀ ਚਰਚਾ ਦਾ ਵਿਸ਼ਾ ਰਿਹਾ ਕਿ ਕਾਂਗਰਸ ਲਈ ਦੇਸ਼ ਦੇ ਜਣਤੰਤਰ ਲਈ ਜੰਗ ਵਾਂਗ ਐਲਾਨੀ ਗਈ ਲੋਕ ਸਭਾ ਚੋਣ ਮੁਹਿੰਮ ਵਿੱਚੋਂ ਸ: ਸਿੱਧੂ ਪੂਰੀ ਤਰ੍ਹਾਂ ਲਾਂਭੇ ਰਹੇ।