ਚੰਡੀਗੜ (ਦਿਸ਼ਾ ਸੇਠੀ): ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੀ ਸੀ.ਆਈ.ਐੱਸ.ਐੱਫ਼. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਖ਼ਿਲਾਫ਼ ਐਫ਼. ਆਈ.ਆਰ.ਦਰਜ ਕਰ ਲਈ ਗਈ ਹੈ।
ਕੁਲਵਿੰਦਰ ਕੌਰ ’ਤੇ ਭਾਰਤੀ ਦੰਡਾਵਲੀ ਦੀ ਧਾਰਾ 323 ਅਤ 341 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਅਜੇ ਤਕ ਕੁਲਵਿੰਦਰ ਕੌਰ ਦੀ ਗ੍ਰਿਫ਼ਤਾਰੀ ਨਹੀਂ ਪਾਈ ਗਈ।
ਜ਼ਿਕਰਯੋਗ ਹੈ ਕਿ ਕੁਲਵਿੰਦਰ ਕੌਰ ਨੂੰ ਮੌਕੇ ’ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਬਾਅਦ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ।
ਚੰਡੀਗੜ੍ਹ ਦੀ ਘਟਨਾ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਸੀ.ਆਈ.ਐੱਸ.ਐੱਫ. ਅਧਿਕਾਰੀਆਂ ਨੂੰ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਉਸਨੂੰ ਮਹਿਲਾ ਕਾਂਸਟੇਬਲ ਵੱਲੋਂ ਥੱਪੜ ਮਾਰਿਆ ਗਿਆ ਅਤੇ ਦੁਰਵਿਉਹਾਰ ਕੀਤਾ ਗਿਆ।
ਦਿਲਚਸਪ ਗੱਲ ਇਹ ਰਹੀ ਕਿ ਘਟਨਾ ਬਾਰੇ ਜਾਣਕਾਰੀ ਦਿੰਦੀ ਵੀਡੀਉ ਕਲਿਪਿੰਗ ਵਿੱਚ ਕੰਗਨਾ ਰਣੌਤ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਵੱਧਰਿਹਾ ਹੈ ਅਤੇ ਸਾਨੂੰ ਵੇਖ਼ਣਾ ਹੋਵੇਗਾ ਕਿ ਇਸਨੂੰ ਕਿਵੇਂ ਹੈਂਡਲ ਕਰਨਾ ਹੈ।
ਜਿੱਥੇ ਇੱਕ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸਹਿਮਤੀ ਜ਼ਾਹਰ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਇਸ ਦੌਰਾਨ ਕਿਸਾਨ ਯੂਨੀਅਨ ਐੱਸ.ਕੇ.ਐੱਮ. ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁਅੱਤਲ ਕਾਂਸਟੇਬਲ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਕੰਗਨਾ ਨੇ ਕੁਲਵਿੰਦਰ ਨੂੰ ‘ਖ਼ਾਲਿਸਤਾਨੀ ਕੌਰ’ ਕਿਹਾ ਸੀ।
ਪਿਛਲੇ ਢਾਈ ਸਾਲਾਂ ਤੋਂ ਚੰਡੀਗੜ੍ਹ ਏਅਰਪੋਰਟ ’ਤੇ ਡਿਊਟੀ ’ਤੇ ਤਾਇਨਾਤ ਕਾਂਸਟੇਬਲ ਨੂੰ ਘਟਨਾ ਤੋਂ ਬਾਅਦ ਟੀ.ਵੀ.ਚੈਨਲਾਂ ’ਤੇ ਇਹ ਕਹਿੰਦੇ ਵੇਖ਼ਿਆ ਗਿਆ ਕਿ ਜਿਸ ਕਿਸਾਨ ਅੰਦੋਲਨ ਵਿੱਚ ਕਿਸਾਨ ਔਰਤਾਂ ਦੇ ਬੈਠੇ ਹੋਣ ਬਾਰੇ ਕੰਗਨਾ ਨੇ ਇਹ ਟਿੱਪਣੀ ਕੀਤੀ ਸੀ ਕਿ ਇਹ ਔਰਤਾਂ 100-100 ਰੁਪਏ ਦਿਹਾੜੀ ’ਤੇ ਆਈਆਂ ਹਨ, ਉਨ੍ਹਾਂ ਵਿੱਚ ਉਸ ਦੀ ਮਾਂ ਵੀ ਸ਼ਾਮਲ ਸੀ।
ਸੀ.ਆਈ.ਐੱਸ.ਐਫ. ਦੇ ਡੀ.ਆਈ.ਜੀ. ਵਿਨੇ ਕਾਜਲਾ ਨੇ ਮੀਡੀਆ ਨੂੰਕਿਹਾ ਹੈ ਕਿ ਇਹ ਕਾਂਸਟੇਬਲ ਕੁਲਵਿੰਦਰ ਕੌਰ ਦਾ ਇੱਕ ਭਾਵਨਾਤਮਕ ਵਿਸਫ਼ੋਟ ਸੀ ਅਤੇ ਉਸਨੇ ਇਸ ਘਟਨਾ ਲਈ ਮੁਆਫ਼ੀ ਮੰਗੀ ਹੈ। ਉਸਦਾ ਪਤੀ ਵੀ ਸੀ.ਆਈ.ਐੱਸ.ਐਫ. ਵਿੱਚ ਹੈ ਅਤੇ ਇੱਥੇ ਹੀ ਤੈਨਾਤ ਹੈ।
ਯਾਦ ਰਹੇ ਕਿ ਹੁਣੇ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿੱਚ ਕੰਗਨਾ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨੂੰ 74,755 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੁਣੀ ਗਈ ਸੀ ਅਤੇ ਘਟਨਾ ਸਮੇਂ ਉਹ ਮੰਡੀ ਤੋਂ ਦਿੱਲੀ ਜਾਣ ਵਾਸਤੇ ਉਡਾਨ ਲੈਣ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਜੀ ਸੀ।