ਜਲੰਧਰ (ਦਿਸ਼ਾ ਸੇਠੀ): ਬੀਤੀ ਦੇਰ ਰਾਤ ਖੇਤਾਂ ਵਿੱਚ ਵਹਾਈ ਕਰਦੇ ਸਮੇਂ ਟ੍ਰੈਕਟਰ ਹੇਠ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ ਪੁੱਤਰ ਸਵ. ਦਲਵੀਰ ਸਿੰਘ ਉਮਰ ਕਰੀਬ 26 ਸਾਲ ਵਾਸੀ ਪਿੰਡ ਬੋਲੀਨਾ ਦੋਆਬਾ ਵਜੋਂ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਮ੍ਰਿਤਕ ਰੋਮਨ ਬੀਤੀ ਰਾਤ ਆਪਣੇ ਖੇਤ ਵਿੱਚ ਇਕੱਲਾ ਹੀ ਵਹਾਈ ਕਰ ਰਿਹਾ ਸੀ ਅਤੇ ਦੇਰ ਰਾਤ 2 ਵਜੇ ਤੱਕ ਜਦ ਉਹ ਘਰ ਨਹੀਂ ਪਰਤਿਆ ਅਤੇ ਉਸਦਾ ਫੋਨ ਵੀ ਨਹੀਂ ਲੱਗ ਰਿਹਾ ਸੀ ਤਾਂ ਉਸਦੀ ਮਾਤਾ ਪਰਮਿੰਦਰ ਕੌਰ ਨੇ ਰੋਮਨ ਦੇ ਦੋਸਤ ਪਰਮਵੀਰ ਸਿੰਘ ਨੂੰ ਫੋਨ ਕਰਕੇ ਰੋਮਨ ਦੇ ਘਰ ਨਾ ਪਹੁੰਚਣ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਪਰਮਵੀਰ ਸਿੰਘ ਨੇ ਜਦ ਖੇਤ ਵਿੱਚ ਜਾ ਕੇ ਵੇਖਿਆ ਤਾਂ ਰੋਮਨ ਟ੍ਰੈਕਟਰ ਦੇ ਟਾਇਰ ਹੇਠ ਮ੍ਰਿਤਕ ਪਿਆ ਹੋਇਆ ਸੀ ਅਤੇ ਟ੍ਰੈਕਟਰ ਸਟਾਰਟ ਹੀ ਸੀ, ਜਿਸ ‘ਤੇ ਉਸਨੇ ਪਹਿਲਾਂ ਟ੍ਰੈਕਟਰ ਬੰਦ ਕੀਤਾ ਅਤੇ ਇਸਦੀ ਸੂਚਨਾ ਉਸਨੇ ਤੁਰੰਤ ਪਰਿਵਾਰਿਕ ਮੈਂਬਰਾਂ, ਸਰਪੰਚ ਕੁਲਵਿੰਦਰ ਬਾਘਾ ਤੇ ਪਿੰਡ ਦੇ ਮੋਹਤਬਰਾਂ ਨੂੰ ਦਿੱਤੀ।
ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਜਦ ਉਨ੍ਹਾਂ ਰੋਮਨ ਨੂੰ ਖੇਤ ਵਿੱਚ ਜਾ ਕੇ ਵੇਖਿਆ ਤਾਂ ਉਹ ਟ੍ਰੈਕਟਰ ਦੇ ਟਾਇਰ ਹੇਠ ਮ੍ਰਿਤਕ ਪਿਆ ਸੀ ਅਤੇ ਉਸਦੇ ਸ਼ਰੀਰ ‘ਤੇ ਟਾਇਰ ਦੇ ਘਿਸੜਣ ਦੇ ਨਿਸ਼ਾਨ ਸਨ । ਉਨ੍ਹਾਂ ਦੱਸਿਆ ਕਿ ਕਿਉਂਕਿ ਰੋਮਨ ਖੇਤ ਵਿੱਚ ਇਕੱਲਾ ਵਹਾਈ ਕਰ ਰਿਹਾ ਸੀ, ਇਸ ਲਈ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਹੀ 13 ਜੂਨ ਨੂੰ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ । ਨੌਜਵਾਨ ਰੋਮਨ ਦੀ ਅਚਨਚੇਤ ਹੋਈ ਦਰਦਨਾਕ ਮੌਤ ਨਾਲ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉਥੇ ਹੀ ਇਸ ਖ਼ਬਰ ਨਾਲ ਪਿੰਡ ਬੋਲੀਨਾ ਅਤੇ ਇਲਾਕੇ ਭਰ ਵਿੱਚ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ।