ਜਲੰਧਰ ਵਿੱਚ 66 ਫੁੱਟੀ ਰੋਡ ’ਤੇ ਸਥਿਤ ਜਲੰਧਰ ਹਾਈਟਸ-1 ਸੁਸਾਇਟੀ ਵਿੱਚ ਸ਼ਹਿਰ ਦੇ ਇੱਕ ਵਪਾਰੀ ਵੱਲੋਂ ਖ਼ਦਕੁਸ਼ੀ ਕਰ ਲੈਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਮ੍ਰਿਤਕ ਤਰੁਣ ਮਰਵਾਹਾ ਅਰਬਨ ਅਸਟੇਟ ਫ਼ੇਜ਼-2 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਮਰਵਾਹਾ ਨੇ ਜਲੰਧਰ ਹਾਈਟਸ-1 ਦੇ ਬਲਾਕ ਏ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਮਰਵਾਹਾ ਏ.ਜੀ.ਆਈ. ਇਨਫ਼ਰਾ ਦੀ ਬਹੁਮੰਜ਼ਿਲਾ ਹਾਊਸਿੰਗ ਸੁਸਾਇਟੀ ਵਿੱਚ ਆਇਆ, ਆਪਣੀ ਕਾਰ ਪਾਰਕ ਕੀਤੀ ਅਤੇ ਸੁਰੱਖ਼ਿਆ ਕਰਮੀਆਂ ਨੂੰ ‘ਏ’ ਬਲਾਕ ਵਿੱਚ ਕਿਸੇ ਨੂੰ ਮਿਲਣ ਬਾਰੇ ਕਹਿ ਕੇ ਅੰਦਰ ਚਲਾ ਗਿਆ।
ਸੁਸਾਇਟੀ ਦੇ ਅੰਦਰ ਉਸ ਵੇਲੇ ਸਨਸਨੀ ਫ਼ੈਲ ਗਈ ਜਦ ਤਰੁਣ ਮਰਵਾਹਾ ਨੇ ‘ਏ’ ਬਲਾਕ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹੈਰਾਨ ਹੋਏ ਵਸਨੀਕਾਂ ਅਤੇ ਸਟਾਫ਼ ਨੂੰ ਉਹ ਖ਼ੂਨ ਵਿੱਚ ਲੱਥਪੱਥ ਹੇਠਾਂ ਡਿੱਗਾ ਮਿਲਿਆ।
ਪਤਾ ਲੱਗਾ ਹੈ ਕਿ ਮਰਵਾਹਾ ਵਿੱਤੀ ਕਾਰਨਾਂ ਕਰਕੇ ਤਣਾਅ ਵਿੱਚ ਸੀ।
ਥਾਣਾ ਸਦਰ ਜਲੰਧਰ ਦੇ ਸਬ-ਇੰਸਪੈਕਟਰ ਸਰਬਜੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ‘ਮੌਰਚਰੀ’ ਵਿੱਚ ਰਖ਼ਵਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਆਏ ਇੱਕ ਐੱਨ.ਆਰ.ਆਈ. ਨੇ ਵੀ ਪਿਛਲੇ ਸਾਲ ਅਪ੍ਰੈਲ ਵਿੱਚ ਜਲੰਧਰ ਹਾਈਟਸ-2 ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਉਸ ਨੇ ਆਪਣੇ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਮਲਟੀਸਟੋਰੀ ਬਿਲਡਿੰਗ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਸੀ।