ਬਸਪਾ ਨਸ਼ੇ, ਬੇਰੁਜ਼ਗਾਰੀ ਤੇ ਗੁੰਡਾਗਰਦੀ ਦੇ ਖਾਤਮੇ ਦੇ ਮੁੱਦੇ ‘ਤੇ ਲੜ ਰਹੀ ਚੋਣ : ਬਿੰਦਰ ਲਾਖਾ
ਜਲੰਧਰ ਪੱਛਮੀ ਹਲਕੇ ਦੀ ਸਥਿਤੀ ਸੁਧਾਰਨ ਲਈ ਲੋਕਾਂ ਤੋਂ ਮੰਗਿਆ ਸਮਰਥ
ਬਸਪਾ ਉਮੀਦਵਾਰ ਲਾਖਾ ਨੇ ਲੋਕਾਂ ਨਾਲ ਸ਼ੁਰੂ ਕੀਤਾ ਸੰਪਰਕ
ਜਲੰਧਰ (ਦਿਸ਼ਾ ਸੇਠੀ): ਹਲਕਾ ਜਲੰਧਰ ਪੱਛਮੀ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਨਾਮਜ਼ਦਗੀ ਕਰਨ ਤੋਂ ਬਾਅਦ ਪਾਰਟੀ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੇ ਹਲਕੇ ‘ਚ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪਣੀ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਬਸਪਾ ਇਹ ਚੋਣ ਨਸ਼ੇ, ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ, ਗੁੰਡਾਗਰਦੀ ਨੂੰ ਖਤਮ ਕਰਨ ਆਦਿ ਮੁੱਦਿਆਂ ‘ਤੇ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ‘ਚ ਲੋਕਾਂ ਨੇ ਵਾਰੋ ਵਾਰੀ ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ, ਪਰ ਸੱਤਾ ‘ਚ ਆਉਣ ਦੇ ਬਾਵਜੂਦ ਇਹ ਹਲਕੇ ‘ਚੋਂ ਨਾ ਤਾਂ ਨਸ਼ਾ ਖਤਮ ਕਰ ਸਕੇ ਤੇ ਨਾ ਹੀ ਗੁੰਡਾਗਰਦੀ। ਸਗੋਂ ਇਨ੍ਹਾਂ ਦੇ ਰਾਜ ‘ਚ ਨਸ਼ੇ ਤੇ ਗੁੰਡਾਗਰਦੀ ‘ਚ ਲਗਾਤਾਰ ਵਾਧਾ ਹੋਇਆ ਹੈ। ਇਸ ਕਾਰਨ ਲੋਕਾਂ ਦੀ ਸਥਿਤੀ ਲਗਾਤਾਰ ਖਰਾਬ ਹੋਈ ਹੈ। ਲੋਕਾਂ ‘ਚ ਸਹਿਮ ਬਣਿਆ ਰਹਿੰਦਾ ਹੈ ਤੇ ਲੋਕ ਖੁੱਲ ਕੇ ਜ਼ਿੰਦਗੀ ਵੀ ਜੀਅ ਨਹੀਂ ਪਾ ਰਹੇ ਹਨ।ਹਲਕੇ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਲਗਾਤਾਰ ਵਿਗੜੀ ਹੈ ਤੇ ਲੋਕਾਂ ਦੀ ਜਾਨ ਮਾਲ ਵੀ ਸੁਰੱਖਿਅਤ ਨਹੀਂ ਹੈ। ਲੋਕਾਂ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਬਸਪਾ ਉਮੀਦਵਾਰ ਨੇ ਕਿਹਾ ਕਿ ਇਨ੍ਹਾਂ ਹਾਲਾਤ ‘ਚ ਸੁਧਾਰ ਲਈ ਹੀ ਉਹ ਤੁਰੇ ਹਨ ਤੇ ਲੋਕਾਂ ਦਾ ਸਮਰਥਨ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵੀ ਬਹੁਤ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ ਲੋਕ ਸਿਹਤ ਸੁਵਿਧਾਵਾਂ ਤੋਂ ਵੀ ਸੱਖਣੇ ਹਨ। ਪ੍ਰਸ਼ਾਸਨ ‘ਚ ਵੀ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ। ਬਦਲਾਅ ਦੇ ਨਾਂ ‘ਤੇ ਆਈ ਆਪ ਸਰਕਾਰ ਵੀ ਲੋਕਾਂ ਦੀ ਸਥਿਤੀ ‘ਚ ਕੋਈ ਸੁਧਾਰ ਨਹੀਂ ਲਿਆ ਸਕੀ ਤੇ ਇਸਨੇ ਵੀ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ। ਬਿੰਦਰ ਲਾਖਾ ਨੇ ਕਿਹਾ ਕਿ ਇਨ੍ਹਾਂ ਹਾਲਾਤ ‘ਚ ਬਸਪਾ ਇੱਕ ਚੰਗਾ ਬਦਲ ਹੈ ਤੇ ਲੋਕਾਂ ਦੀ ਸਥਿਤੀ ਸੁਧਾਰਨ ਦੀ ਸਮਰੱਥਾ ਰੱਖਦੀ ਹੈ। ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਉਹ ਚੋਣ ਲੜ ਰਹੇ ਹਨ ਤੇ ਲੋਕਾਂ ਤੋਂ ਸਮਰਥਨ ਚਾਹੁੰਦੇ ਹਨ ਤਾਂ ਕਿ ਰਲ-ਮਿਲ ਕੇ ਹਲਕੇ ਦੀ ਸਥਿਤੀ ਨੂੰ ਸੁਧਾਰਿਆ ਜਾਵੇ ਤੇ ਲੋਕਾਂ ਨੂੰ ਚੰਗੀ ਜ਼ਿੰਦਗੀ ਦਿੱਤੀ ਜਾ ਸਕੇ।