ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਪ੍ਰਚਾਰ ਦੀ ਸੰਭਾਲੀ ਕਮਾਨ, ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਮੀਟਿੰਗ ਕਰਕੇ ਰਣਨੀਤੀ ਬਾਰੇ ਕੀਤੀ ਚਰਚਾ

ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਮਾਨ ਦੀ ‘ਆਪ’ ਆਗੂਆਂ ਨੂੰ ਸਲਾਹ, ਘਰ-ਘਰ ਜਾ ਕੇ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਕਰਵਾਓ ਜਾਣੂ

ਸਾਡੇ ਉਮੀਦਵਾਰ ਮੋਹਿੰਦਰ ਭਗਤ ਦਾ ਸਾਫ ਸੁਥਰਾ ਅਕਸ ਹੈ, ਜਲੰਧਰ ਪੱਛਮੀ ਦੇ ਲੋਕ ਉਨਾਂ ਦਾ ਸਤਿਕਾਰ ਕਰਦੇ ਹਨ: ਮਾਨ

ਜਲੰਧਰ ਪੱਛਮੀ ਦੇ ਲੋਕ ਸਾਡੇ ਨਾਲ ਹਨ, ਸਾਡੀ ਪਾਰਟੀ ਅਤੇ ਇੱਥੋਂ ਦੇ ਲੋਕਾਂ ਨੂੰ ਇੱਕ ਵਿਅਕਤੀ ਨੇ ਧੋਖਾ ਦਿੱਤਾ: ਮੁੱਖ ਮੰਤਰੀ ਭਗਵੰਤ ਮਾਨ

ਇਸ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ‘ਚ ‘ਆਪ’ ਦੇ ਹੋਣਗੇ 95 ਵਿਧਾਇਕ : CM ਮਾਨ

ਚੰਡੀਗੜ੍ਹ/ਜਲੰਧਰ (ਦਿਸ਼ਾ ਸੇਠੀ): ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਜਿੱਤਣ ਲਈ ਕਮਰ ਕੱਸ ਲਈ ਹੈ। ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਅਤੇ ਜਲੰਧਰ ਪੱਛਮੀ ਦੇ ਆਗੂਆਂ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਜਿੱਥੇ ਉਨ੍ਹਾਂ ਨੇ ‘ਆਪ’ ਆਗੂਆਂ ਨਾਲ ਆਪਣੀ ਜਿੱਤ ਦਾ ਮੰਤਰ ਸਾਂਝਾ ਕੀਤਾ।

‘ਆਪ’ ਪੰਜਾਬ ਪ੍ਰਧਾਨ ਨੇ ਆਗੂਆਂ ਨੂੰ ਇਸ ਜ਼ਿਮਨੀ ਚੋਣ ਲਈ ਘਰ-ਘਰ ਪ੍ਰਚਾਰ ਕਰਨ ਲਈ ਕਿਹਾ ਅਤੇ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਦੀ ਸਲਾਹ ਦਿੱਤੀ। ਮਾਨ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਲੋਕ ਸਾਡੇ ਨਾਲ ਹਨ, ਉਹ ‘ਆਪ’ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ, ਪਰ ਸਾਨੂੰ (ਆਪ) ਅਤੇ ਇੱਥੋਂ ਦੇ ਲੋਕਾਂ ਨੂੰ ਉਸ ਵਿਅਕਤੀ ਨੇ ਧੋਖਾ ਦਿੱਤਾ ਹੈ, ਜੋ ਲੋਕਾਂ ਦੇ ਫਤਵੇ ਦੀ ਅਣਦੇਖੀ ਕਰਕੇ ਪੰਜਾਬ ਵਿਰੋਧੀ ਪਾਰਟੀ ‘ਚ ਸ਼ਾਮਲ ਹੋ ਗਿਆ।

ਮਾਨ ਨੇ ਅੱਗੇ ਕਿਹਾ ਕਿ ਮੋਹਿੰਦਰ ਭਗਤ ਅਤੇ ਉਨ੍ਹਾਂ ਦੇ ਪਰਿਵਾਰ ਦਾ ਜਲੰਧਰ ਵਿੱਚ ਸਾਫ਼ ਅਕਸ ਹੈ। ਉਹ ਅਤੇ ਉਨਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਜਲੰਧਰ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਮਾਨ ਨੇ ਇਸ ਮੁਹਿੰਮ ਦੌਰਾਨ ਸਭ ਨੂੰ ਮੋਹਿੰਦਰ ਭਗਤ ਦੀ ਅਗਵਾਈ ‘ਤੇ ਚੱਲਣ ਲਈ ਕਿਹਾ। ਸੀ.ਐਮ ਮਾਨ ਇਸ ਵਿਧਾਨ ਸਭਾ ਹਲਕੇ ਦੀ ਸਮੁੱਚੀ ਮੁਹਿੰਮ ਦੀ ਨਿਗਰਾਨੀ ਅਤੇ ਮਾਰਗਦਰਸ਼ਨ ਕਰਨਗੇ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਵਰਕਰਾਂ ਵਿੱਚ ਕੋਈ ਮਤਭੇਦ ਨਹੀਂ ਹੈ। ਅਜਿਹੀਆਂ ਕਈ ਅਫਵਾਹਾਂ ਆਲੇ-ਦੁਆਲੇ ਘੁੰਮ ਰਹੀਆਂ ਹਨ ਪਰ ਉਹ ਬੇਬੁਨਿਆਦ ਅਤੇ ਫਰਜ਼ੀ ਹਨ। ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਅਤੇ ਦਾਅਵਾ ਕੀਤਾ ਕਿ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਦੇ 95 ਵਿਧਾਇਕ ਹੋਣਗੇ।

ਇਹ ਸੀਟ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਾਰਟੀ ਛੱਡਣ ਕਾਰਨ ਖਾਲੀ ਹੋਈ ਹੈ। ਸ਼ੀਤਲ ਅੰਗੁਰਾਲ ਇਸ ਸਮੇਂ ਭਾਜਪਾ ਵਿੱਚ ਹਨ। ਇਸ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਿੰਗ 10 ਜੁਲਾਈ ਨੂੰ ਹੋਣੀ ਹੈ।’ਆਪ’ ਇਸ ਸੀਟ ‘ਤੇ ਮੁੜ ਜਿੱਤ ਹਾਸਲ ਕਰਨ ਦੇ ਟੀਚੇ ‘ਤੇ ਰਹੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਆਗੂਆਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਵਰਕਰ ਸਭ ਤੋਂ ਵੱਧ ਮਿਹਨਤੀ ਵਾਲੰਟੀਅਰ ਹਨ ਅਤੇ ਪਾਰਟੀ ਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ। ਮਾਨ ਨੇ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਲੋਕਾਂ ਦਾ ਪੂਰਾ ਸਮਰਥਨ ਹੈ ਅਤੇ ਅਸੀਂ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਉਣ ਲਈ ਆਪਣੇ ਟੀਚੇ ਵੱਲ ਕੰਮ ਕਰ ਰਹੇ ਹਾਂ। ਮਾਨ ਨੇ ਕਿਹਾ ਕਿ ਅਸੀਂ ਜਲੰਧਰ ਪੱਛਮੀ ਦੀ ਸੀਟ ਵੱਡੇ ਫਰਕ ਨਾਲ ਜਿੱਤ ਕੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਾਂਗੇ।

Share This
0
About Author

Social Disha Today

Leave a Reply

Your email address will not be published. Required fields are marked *