ਆਪ ਉਮੀਦਵਾਰ ਮੋਹਿੰਦਰ ਭਗਤ ਦੇ ਨਵੇਂ ਚੋਣਾਵੀ ਦਫਤਰ ਦਾ ਉਦਘਾਟਨ
◆ਮੰਤਰੀ ਤੇ ਆਪ ਦੇ ਹੋਰ ਉਚ ਅਹੁਦੇਦਾਰ ਪੁੱਜੇ
◆ਕਿਹਾ- ਸੂਝਵਾਨ ਤੇ ਪਰਖੇ ਹੋਏ ਲੀਡਰ ਨੇ ਆਪ ਦੇ ਉਮੀਦਵਾਰ
ਜਲੰਧਰ (ਦਿਸ਼ਾ ਸੇਠੀ): ਪੰਜਾਬ ਦੀ ਚਰਚਿਤ ਸੀਟ ਜਲੰਧਰ ਪੱਛਮੀ ਹਲਕੇ ਦੀ 10 ਜੁਲਾਈ ਨੂੰ ਹੋ ਰਹੀ ਉਪ ਚੋਣ ਲਈ ਆਮ ਆਦਮੀ ਪਾਰਟੀ ਦੀ ਸਰਗਰਮੀ ਨੂੰ ਅੱਜ ਉਦੋਂ ਹੋਰ ਬੱਲ ਮਿਲਿਆ ਜਦੋਂ ਸ਼ਹਿਰ ਦੀ 120 ਫੁੱਟੀ ਰੋਡ ’ਤੇ ਲੱਕੀ ਪੈਲੇਸ ਦੇ ਵਿੱਚ ਮੋਹਿੰਦਰ ਭਗਤ ਦਾ ਚੋਣਾਵੀ ਦਫਤਰ ਖੋਲ੍ਹਿਆ ਗਿਆ। ਇਸ ਮੌਕੇ ਭਗਵੰਤ ਸਿੰਘ ਮਾਨ ਸਰਕਾਰ ਵਿੱਚ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਿਸ਼ੇਸ ਤੌਰ ’ਤੇ ਪੁੱਜ ਕੇ ਦਸਿਆ ਕਿ ਮੋਹਿੰਦਰ ਭਗਤ ਹਲਕਾ ਪੱਛਮੀ ਜਲੰਧਰ ਦੇ ਪਰਖੇ ਹੋਏ, ਨਿਮਰਤਾਵਾਨ ਤੇ ਮਿਹਨਤੀ ਲੀਡਰ ਹਨ। ਅਜਿਹੇ ਲੀਡਰ ਆਮ ਆਦਮੀ ਪਾਰਟੀ ਵਿੱਚ ਸੂਝਵਾਨ ਸੋਚ ਦੇ ਪ੍ਰਤੀਕ ਹੁੰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਹਿਤੂ ਨੀਤੀਆਂ ਦੇ ਨਾਮ ਲੈ-ਲੈ ਕੇ ਨਾਅਰੇ ਲਗਾਏ ਤੇ ਮੋਹਿੰਦਰ ਭਗਤ ਨੂੰ ਵੱਧ ਤੋਂ ਵੱਧ ਲੀਡ ਨਾਲ ਜਿਤਾਉਣ ਦਾ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਗੁਰਨਾਮ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ ਸਮੇਤ ਵਿਧਾਇਕ ਅਮਨ ਅਰੋੜਾ, ਸੀਨੀਅਰ ਆਗੂ ਬਲਤੇਜ ਪੰਨੂ, ਹਰਚਰਨ ਸਿੰਘ ਬਰਸਟ, ਪਵਨ ਕੁਮਾਰ ਟੀਨੂੰ ਤੇ ਹੋਰ ਬਹੁਤ ਸਾਰੇ ਹਲਕਾ ਇੰਚਾਰਜ ਹਾਜਰ ਸਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਜਲੰਧਰ ਤੋਂ ਉਮੀਦਵਾਰ ਮੋਹਿੰਦਰ ਭਗਤ ਨੇ ਦਸਿਆ ਕਿ ਉਹ ਹਮੇਸ਼ਾਂ ਲੋਕ ਸੇਵਾ ਲਈ ਤਤਪਰ ਰਹਿੰਦੇ ਹਨ ਤੇ ਹਲਕਾ ਜਲੰਧਰ ਪੱਛਮੀ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤੀ ਵਾਕਫ ਹਨ। ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ਦੇ ਇਕੱਲੇ-ਇਕੱਲੇ ਘਰ ਤੋਂ ਵਾਕਫ ਹਨ ਤੇ ਚੋਣ ਜਿੱਤਣ ਪਿਛੋਂ ਜਲੰਧਰ ਪੱਛਮੀ ਹਲਕੇ ਨੂੰ ਵਿਕਾਸ ਪੱਖੋਂ ਚੋਟੀ ’ਤੇ ਲੈ ਜਾਣਗੇ।