ਨਸ਼ਿਆਂ ਵਿਰੁੱਧ ਭਾਜਪਾ ਪੰਜਾਬ ਦੇ ਮਹਿਲਾ ਮੋਰਚਾ ਨੇ ਵਿੱਢੀ ਮੁਹਿੰਮ
ਪ੍ਰਧਾਨ ਜੈ ਇੰਦਰ ਕੌਰ ਨੇ ਅਨੀਤਾ ਸੋਮ ਪ੍ਰਕਾਸ਼ ਅਤੇ ਮਹਿਲਾ ਮੋਰਚਾ ਜਲੰਧਰ ਜਿਲ੍ਹਾ ਟੀਮ ਦੇ ਨਾਲ ਜਲੰਧਰ ‘ਚ ਨਸ਼ਿਆਂ ਖਿਲਾਫ ਕੱਢਿਆ ਮਾਰਚ
ਜਲੰਧਰ (ਦਿਸ਼ਾ ਸੇਠੀ): ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ, ਸੀਨੀਅਰ ਭਾਜਪਾ ਆਗੂ ਅਨੀਤਾ ਸੋਮ ਪ੍ਰਕਾਸ਼, ਰੇਣੂ ਥਾਪਰ, ਸ਼ਮਾ ਚੌਹਾਨ ਦੇ ਨਾਲ ਅੱਜ ਦੁੱਲਾ ਚੌਕ, ਬਸਤੀ ਦਾਨਿਸ਼ ਬੰਦਾ, ਜਲੰਧਰ ਵਿਖੇ ਨਸ਼ਿਆਂ ਖ਼ਿਲਾਫ਼ ਇੱਕ ਰੋਸ ਮਾਰਚ ਦੀ ਅਗਵਾਈ ਕੀਤੀ। ਇਸ ਮਾਰਚ ਦਾ ਉਦੇਸ਼ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਅਤੇ ਕਾਰਵਾਈ ਦੀ ਮੰਗ ਕਰਨਾ ਸੀ।
ਜੈ ਇੰਦਰ ਕੌਰ ਅਤੇ ਭਾਗੀਦਾਰਾਂ ਨੇ ਨਸ਼ਾ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਨੂੰਨ ਅਤੇ ਪ੍ਰਭਾਵੀ ਅਮਲ ਦੀ ਮੰਗ ਕੀਤੀ। ਮਹਿਲਾ ਮੋਰਚਾ ਦੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਾਖੋਰੀ ਨੂੰ ਜੜ੍ਹੋਂ ਖਤਮ ਕਰਨ ਦੇ ਵਾਅਦਿਆਂ ਦੇ ਬਾਵਜੂਦ ਨਾਕਾਮਯਾਬੀ ਲਈ ਆਲੋਚਨਾ ਕੀਤੀ, ਜਿਸ ਕਾਰਨ ਕਈ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ।
“ਜਲੰਧਰ ‘ਚ ਨਸ਼ੇ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ, ਨਸ਼ੇ ਦੇ ਸੌਦਾਗਰ ਸ਼ਹਿਰ ਦੇ ਪਾਰਕਾਂ ‘ਚ ਸ਼ਰੇਆਮ ਨਸ਼ਾ ਵੇਚ ਰਹੇ ਹਨ, ਜਿਸ ਨਾਲ ਬੱਚਿਆਂ ਦੀ ਜਾਨ ਵੀ ਖਤਰੇ ‘ਚ ਹੈ। ਇਹ ਬੇਸ਼ਰਮ ਸਰਕਾਰ ਦੀ ਬੇਰੁਖੀ ਦਾ ਸਿੱਟਾ ਹੈ ਅਤੇ ਭਾਜਪਾ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੀ ਹੈ।”
ਇਸ ਦੇ ਉਲਟ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਕੇਂਦਰ ਨੇ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਲਈ ਯਤਨ ਤੇਜ਼ ਕਰਦੇ ਹੋਏ ਪੰਜਾਬ ਭਰ ਦੇ 16 ਜ਼ਿਲ੍ਹਿਆਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਦਫ਼ਤਰ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਜੈ ਇੰਦਰ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ, ਪੰਜਾਬ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੇ ਹੋਏ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਲੜਦੀ ਰਹੇਗੀ।
ਕਰਮਜੀਤ ਕੌਰ ਚੌਧਰੀ ਅਤੇ ਅਨੀਤਾ ਸੋਮਪ੍ਰਕਾਸ਼ ਨੇ ਸੂਬਾ ਸਰਕਾਰ ਨੂੰ ਕੇਂਦਰ ਦੇ ਯਤਨਾਂ ਦੀ ਪੂਰਤੀ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਜੈ ਇੰਦਰ ਕੌਰ ਨੇ ਇਹ ਵੀ ਭਰੋਸਾ ਜਤਾਇਆ ਕਿ ਆਗਾਮੀ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਹੀ ਜੇਤੂ ਰਹਿਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਅਤੇ ਹੋਰ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਪਾਰਟੀ ਦੀ ਵਚਨਬੱਧਤਾ ਲੋਕਾਂ ਵਿਚ ਗੂੰਜਦੀ ਹੈ, ਅਤੇ ਸਾਨੂੰ ਭਰੋਸਾ ਹੈ ਕਿ ਉਹ ਭਾਜਪਾ ‘ਤੇ ਆਪਣਾ ਭਰੋਸਾ ਜ਼ਰੂਰ ਜਤਾਉਣਗੇ।