ਜਲੰਧਰ : MP ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਸਾਥੀਆਂ ਦੇ ਮਾਮਲੇ ‘ਚ ਸੈਸ਼ਨ ਕੋਰਟ ਪਹੁੰਚੀ ਪੁਲਿਸ, ਅੱਜ ਹੋਵੇਗੀ ਸੁਣਵਾਈ
ਦੇਹਾਤ ਪੁਲੀਸ ਨੇ ਕੁਝ ਦਿਨ ਪਹਿਲਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਨੂੰ 4 ਗ੍ਰਾਮ ਆਈਸ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਨੇ ਸੜਕ ਕਿਨਾਰੇ ਖੜ੍ਹੇ ਇੱਕ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਕੋਲੋਂ 4 ਗ੍ਰਾਮ ਆਈਸ ਬਰਾਮਦ ਹੋਈ।
ਇਸ ਮਾਮਲੇ ਵਿੱਚ ਪੁਲੀਸ ਨੇ ਲੁਧਿਆਣਾ ਦੇ ਸੰਦੀਪ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਸ ਮਗਰੋਂ ਪੁਲੀਸ ਨੇ ਹੇਠਲੀ ਅਦਾਲਤ ਵਿੱਚ ਮੁਲਜ਼ਮਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਸੈਸ਼ਨ ਕੋਰਟ ਤੱਕ ਪਹੁੰਚ ਕੀਤੀ ਹੈ। ਇਸ ਮਾਮਲੇ ਸਬੰਧੀ ਤਫ਼ਤੀਸ਼ੀ ਅਫ਼ਸਰ (ਐਸਐਚਓ) ਸੁਖਦੇਵ ਸਿੰਘ ਦੀ ਤਰਫ਼ੋਂ ਸੈਸ਼ਨ ਕੋਰਟ ਵਿੱਚ ਇੱਕ ਕ੍ਰਿਮੀਨਲ ਰਿਵੀਜ਼ਨ ਅਰਜ਼ੀ ਦਾਇਰ ਕੀਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ ਕਿ ਉਹ ਕਿੰਨੇ ਸਮੇਂ ਤੋਂ ਨਸ਼ੇ ਦਾ ਸੇਵਨ ਕਰਦੇ ਆ ਰਹੇ ਹਨ ਅਤੇ ਇਹ ਨਸ਼ੇ ਕਿੱਥੋਂ ਖਰੀਦਦੇ ਹਨ। ਨਸ਼ਾ ਖਰੀਦਣ ਲਈ ਪੈਸਾ ਕਿੱਥੋਂ ਆਉਂਦਾ ਹੈ? ਉਹਨਾ ਦੇ ਤਾਰ ਹੋਰ ਸਮੱਗਲਰਾਂ ਨਾਲ ਜੁੜੇ ਤਾਂ ਨਹੀਂ ਹਨ। ਰਿਮਾਂਡ ਨਾ ਮਿਲਣ ਕਾਰਨ ਜਾਂਚ ਅਧੂਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਐਡੀਸ਼ਨਲ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ 19 ਜੁਲਾਈ ਨੂੰ ਅਰਜ਼ੀ ‘ਤੇ ਸੁਣਵਾਈ ਕਰੇਗੀ। ਜੇਲ ‘ਚ ਬੰਦ ਆਈਸ ਸਪਲਾਇਰ ਸੰਦੀਪ ਅਰੋੜਾ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਰਵਾਹਾ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਅਜੇ ਤੱਕ ਸੰਦੀਪ ਨੂੰ ਆਈਸ ਵੇਚਣ ਵਾਲੇ ਤਸਕਰ ਦਾ ਪਤਾ ਨਹੀਂ ਲਗਾ ਸਕੀ ਹੈ। ਐਸਐਚਓ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।