ਕਰੋੜਾਂ ਰੁਪਏ ਦੀ ਡਰੱਗ ਮਨੀ ਸਮੇਤ ਕਰੇਟਾ ਚਾਲਕ ਗਿਰਫ਼ਤਾਰ
ਜਲੰਧਰ: ਚੈਕਿੰਗ ਦੌਰਾਨ ਥਾਣਾ ਬਾਰਾਦਰੀ ਦੀ ਪੁਲਸ ਨੇ ਪੀਬੀ07 ਸੀਡੀ 5821 ਕਾਲੇ ਰੰਗ ਦੀ ਕ੍ਰੇਟਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ। ਪੁਲਸ ਨੇ ਉਕਤ ਵਿਅਕਤੀ ਦੀ ਕਾਰ ‘ਚੋਂ ਭਾਰੀ ਮਾਤਰਾ ‘ਚ ਨਕਦੀ ਬਰਾਮਦ ਕੀਤੀ ਹੈ। ਜਿਸ ‘ਤੇ ਪੁਲਸ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ। ਪੁਲਿਸ ਕਮਿਸ਼ਨਰੇਟ ਦੀ ਦੇਰ ਰਾਤ ਤੱਕ ਜਾਂਚ ਅਤੇ ਪੁੱਛਗਿੱਛ ਜਾਰੀ ਸੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕੋਲੋਂ ਦੋ ਤੋਂ ਢਾਈ ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਗੱਡੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਪੁਨੀਤ ਸੂਦ ਉਰਫ ਗਾਂਧੀ ਦੇ ਨਾਂ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਇਸ ਪੈਸੇ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦਾ ਇਕ ਸੀਨੀਅਰ ਪੁਲਿਸ ਅਧਿਕਾਰੀ ਨਾਲ ਵਿਵਾਦ ਵੀ ਹੋ ਚੁੱਕਾ ਹੈ। ਪੁਲਿਸ ਅੱਜ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਖੁਲਾਸੇ ਕਰ ਸਕਦੀ ਹੈ।
ਸੂਤਰਾਂ ਅਨੁਸਾਰ ਦੇਰ ਰਾਤ ਪੈਸੇ ਗਿਣਨ ਲਈ ਮਸ਼ੀਨ ਵੀ ਮੰਗਵਾਈ ਗਈ। ਜਾਣਕਾਰੀ ਮੁਤਾਬਕ ਥਾਣਾ ਬਾਰਾਦਰੀ ਦੀ ਪੁਲਸ ਨੇ ਦੇਰ ਰਾਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਇਸ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਰਕਮ ਨਾਲ ਦਿੱਲੀ ‘ਚ ਫੜਿਆ ਗਿਆ ਸੀ।

