BigNews: MP ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਬਣੇਗੀ ਨਵੀਂ ਪਾਰਟੀ, ਫਰੀਦਕੋਟ ਤੋਂ ਸੰਸਦ ਸਰਬਜੀਤ ਖਾਲਸਾ ਨੇ ਕੀਤਾ ਐਲਾਨ
ਇਸ ਵਾਰ ਲੋਕ ਸਭਾ ਚੋਣਾਂ ਵਿਚ ਕੱਟੜਪੰਥੀ ਸਰਬਜੀਤ ਖਾਲਸਾ ਫਰੀਦਕੋਟ ਅਤੇ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤੇ ਸਨ, ਜੋ ਪੰਜਾਬ ਵਿਚ ਖਾਲਿਸਤਾਨ ਸਮਰਥਕ ਪਾਰਟੀ ਬਣਾਉਣਗੇ। ਅੰਮ੍ਰਿਤਪਾਲ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ। ਸਰਬਜੀਤ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਦਾ ਪੁੱਤਰ ਹੈ। ਹੁਣ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਮੋਗਾ ਦੇ ਪਿੰਡ ਰੋਡੇ ਵਿਚ ਇਕ ਸਮਾਗਮ ਦੌਰਾਨ ਐਲਾਨ ਕੀਤਾ ਕਿ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਮਿਲ ਕੇ ਸਿਆਸੀ ਪਾਰਟੀ ਬਣਾਉਣਗੇ। ਉਨ੍ਹਾਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਤੈਅ ਹੈ ਕਿ ਉਹ ਜਲਦੀ ਹੀ ਇਕ ਅਜਿਹੀ ਪਾਰਟੀ ਬਣਾਉਣਗੇ ਜੋ ਸਿੱਖ ਸੰਗਤ ਅਤੇ ਪੰਜਾਬ ਨੂੰ ਇਕਜੁੱਟ ਕਰੇਗੀ। ਉਹ ਇਕੱਲੇ ਇਸ ਪਾਰਟੀ ਦਾ ਨਿਰਮਾਣ ਨਹੀਂ ਕਰਨਗੇ। ਉਹ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਮਿਲ ਕੇ ਕੰਮ ਕਰਨਗੇ। ਖਾਲਸਾ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਾਂ ਉਸ ਦੇ ਕਹਿਣ ‘ਤੇ ਹੀ ਪਾਰਟੀ ਬਣਾਉਣਗੇ। ਉਨ੍ਹਾਂ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।