ਵਰਿਆਣਾ ਕੂੜਾ ਡੰਪ ਵਿਖੇ ਜਲਦ ਸ਼ੁਰੂ ਹੋਵੇਗੀ ਬਾਇਓ ਮਾਈਨਿੰਗ
ਜਲੰਧਰ ਸ਼ਹਿਰ ਵਿੱਚੋਂ ਰੋਜ਼ਾਨਾ ਇਕੱਠਾ ਹੁੰਦਾ ਹੈ 500 ਟਨ ਕੂੜਾ
ਡਿਪਟੀ ਕਮਿਸ਼ਨਰ ਵਲੋਂ ਵਰਿਆਣਾ ਵਿਖੇ ਕੂੜੇ ਦੇ ਡੰਪ ਦਾ ਦੌਰਾ
ਨਗਰ ਨਿਗਮ ਨੂੰ ਮਸ਼ੀਨਰੀ ਦੀ ਲੋੜ ਸਬੰਧੀ ਤੁਰੰਤ ਪ੍ਰਸਤਾਵ ਪੇਸ਼ ਕਰਨ ਲਈ ਕਿਹਾ
ਜਲੰਧਰ (ਹਰੀਸ਼): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਲੰਧਰ ਸ਼ਹਿਰ ਨੂੰ ਸਾਫ ਸਫਾਈ ਪੱਖੋਂ ਅੱਵਲ ਦਰਜੇ ਦਾ ਬਣਾਉਣ ਦੇ ਐਲਾਨ ਨੂੰ ਜ਼ਮੀਨੀ ਪੱਧਰ ਉੱਪਰ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਸ਼ਹਿਰ ਦੀ ਸਾਫ ਸਫਾਈ ਤੇ ਕੂੜੇ ਦੇ ਯੋਗ ਨਿਪਟਾਰੇ ਲਈ ਵਰਿਆਣਾ ਕੂੜਾ ਡੰਪ ਵਿਖੇ ਬਾਇਓ ਮਾਈਨਿੰਗ ਜਲਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਅੱਜ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਸਮੇਤ ਵਰਿਆਣਾ ਦੇ ਡੰਪ ਵਿਖੇ ਕੂੜੇ ਦੇ ਨਿਪਟਾਰੇ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਵਿੱਚੋਂ ਰੋਜ਼ਾਨਾ 500 ਟਨ ਦੇ ਕਰੀਬ ਕੂੜਾ ਇਕੱਤਰ ਹੁੰਦਾ ਹੈ, ਜਿਸਦੇ ਨਿਪਟਾਰੇ ਲਈ ਬਾਇਓ ਮਾਈਨਿੰਗ ਸਬੰਧੀ ਕੰਮ ਦੀ ਅਲਾਟਮੈਂਟ ਲਈ ਵਿੱਤੀ ਬਿੱਡ ਦਾ ਕੰਮ ਮੁਕੰਮਲ ਹੋ ਗਿਆ ਹੈ, ਜਿਸਨੂੰ ਅਮਲੀ ਰੂਪ ਵਿਚ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।
ਬਾਇਓ ਮਾਈਨਿੰਗ ਤਹਿਤ ਕੂੜੇ ਦੀ ਵੱਡੇ ਪੱਧਰ ਉੱਪਰ ਛਣਾਈ ਕੀਤੀ ਜਾਵੇਗੀ ਜਿਸ ਨਾਲ ਮਿੱਟੀ , ਪਲਾਸਟਿਕ ਤੇ ਹੋਰ ਵਸਤਾਂ ਨੂੰ ਅਲੱਗ – ਅਲੱਗ ਕਰਕੇ ਉਸ ਵਿੱਚੋਂ ਨਵਿਆਕੇ ਵਰਤੋਂ ਕੀਤੀ ਜਾ ਸਕੇਗੀ। ਇਸ ਨਾਲ ਨਾ ਸਿਰਫ ਕੂੜੇ ਦਾ ਯੋਗ ਨਿਪਟਾਰਾ ਹੋ ਜਾਵੇਗਾ ਸਗੋਂ ਵਾਤਾਵਰਣ ਨੂੰ ਗੰਧਲ਼ਾ ਹੋਣ ਤੋਂ ਬਚਾਉਣ ਵਿੱਚ ਵੱਡੀ ਮਦਦ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਲੋੜ ਮੁਤਾਬਿਕ ਹੋਰ ਮਸ਼ੀਨਰੀ ਦੀ ਖਰੀਦ ਲਈ ਵੀ ਤੁਰੰਤ ਪ੍ਰਸਤਾਵ ਭੇਜੇ ਜਾਣ ਤਾਂ ਜੋ ਉੱਚ ਅਧਿਕਾਰੀਆਂ ਨਾਲ ਮਸਲਾ ਉਠਾਕੇ ਇਹ ਮਸ਼ੀਨਰੀ ਜਲਦ ਮੁਹੱਈਆ ਕਰਵਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜੇ ਦੇ ਢੇਰਾਂ ਦੇ ਸੁਚੱਜੇ ਨਿਪਟਾਰੇ ਲਈ ਵੱਲ ਨਿੱਜੀ ਤੌਰ ’ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

