ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕੇਂਦਰੀ ਮੰਤਰੀ ਤੋਂ ਜਲੰਧਰ ਵਿੱਚ ਪ੍ਰਦਰਸ਼ਨੀ ਕੇਂਦਰ ਬਣਾਉਣ ਦੀ ਕੀਤੀ ਮੰਗ
◆ਸੁਸ਼ੀਲ ਰਿੰਕੂ ਨੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨਾਲ ਮੁਲਾਕਾਤ ਕੀਤੀ
◆ਆਦਮਪੁਰ ਹਵਾਈ ਅੱਡੇ ਦੀ ਕਨੈਕਟੀਵਿਟੀ ਅਤੇ ਕਾਰੋਬਾਰ ਦੀਆਂ ਸਮੱਸਿਆਵਾਂ ਬਾਰੇ ਚਰਚਾ
ਨਵੀਂ ਦਿੱਲੀ/ਜਲੰਧਰ (ਹਰੀਸ਼): ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਅੱਜ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸੁਸ਼ੀਲ ਰਿੰਕੂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਲੰਧਰ ਵਿੱਚ ਇੱਕ ਪ੍ਰਦਰਸ਼ਨੀ ਕੇਂਦਰ ਬਣਾਇਆ ਜਾਵੇ, ਤਾਂ ਜੋ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲ ਸਕੇ।
ਸੁਸ਼ੀਲ ਰਿੰਕੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਸਬੰਧਤ ਕਾਰੋਬਾਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਅਤੇ ਆਦਮਪੁਰ ਹਵਾਈ ਅੱਡੇ ਦੀ ਕਨੈਕਟੀਵਿਟੀ ਵਧਾਉਣ ਦੀ ਮੰਗ ਕੀਤੀ ਗਈ ਹੈ। ਰਿੰਕੂ ਨੇ ਕਿਹਾ ਕਿ ਜਲੰਧਰ ਵਿੱਚ ਮੀਡੀਅਮ, ਲਘੂ ਅਤੇ ਮਾਈਕ੍ਰੋ (ਐੱਮ.ਐੱਸ.ਐੱਮ.ਈ.) ਦੇ ਨਾਲ-ਨਾਲ ਵੱਡੀਆਂ ਸਨਅਤਾਂ ਹਨ। ਜਲੰਧਰ ਨੂੰ ਸਪੋਰਟਸ ਸਿਟੀ ਕਿਹਾ ਜਾਂਦਾ ਹੈ। ਖੇਡਾਂ ਨਾਲ ਸਬੰਧਤ ਬਹੁਤ ਸਾਰੇ ਉਤਪਾਦ ਇੱਥੇ ਨਿਰਯਾਤ ਕੀਤੇ ਜਾਂਦੇ ਹਨ। ਇੰਨਾ ਹੀ ਨਹੀਂ ਇੱਥੇ ਸਰਜੀਕਲ ਸਾਮਾਨ ਤਿਆਰ ਕੀਤਾ ਜਾਂਦਾ ਹੈ, ਜੋ ਦੁਨੀਆ ਦੇ ਕਈ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ।
ਜਲੰਧਰ ਵਿੱਚ ਖੇਡਾਂ ਅਤੇ ਸਰਜੀਕਲ ਉਤਪਾਦਾਂ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਵਿਸ਼ਵ ਮੰਡੀ ਵਿੱਚ ਨਿਰਯਾਤ ਕਰਨ ਲਈ ਕੇਂਦਰੀ ਮੰਤਰੀ ਨੂੰ ਜਲੰਧਰ ਵਿੱਚ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ। ਜੇਕਰ ਜਲੰਧਰ ਵਿੱਚ ਪ੍ਰਦਰਸ਼ਨੀ ਕੇਂਦਰ ਬਣਿਆ ਤਾਂ ਇੱਥੋਂ ਦੇ ਕਾਰੋਬਾਰੀ ਅਤੇ ਨਿਰਮਾਤਾ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾ ਸਕਣਗੇ। ਇਸ ਨਾਲ ਨਾ ਸਿਰਫ ਉਨ੍ਹਾਂ ਦੇ ਉਤਪਾਦਾਂ ਲਈ ਚੰਗੇ ਖਰੀਦਦਾਰ ਉਪਲਬਧ ਹੋਣਗੇ ਬਲਕਿ ਕੰਮ ਵਿੱਚ ਤੇਜ਼ੀ ਵੀ ਆਵੇਗੀ। ਇਸ ਨਾਲ ਸ਼ਹਿਰ ਦੇ ਕਾਰੋਬਾਰ ਨੂੰ ਨਵੀਂ ਉਚਾਈ ਮਿਲੇਗੀ।
ਇਸ ਦੇ ਨਾਲ ਹੀ ਸੁਸ਼ੀਲ ਰਿੰਕੂ ਨੇ ਕੇਂਦਰੀ ਮੰਤਰੀ ਅੱਗੇ ਆਦਮਪੁਰ ਦਾ ਹਵਾਈ ਸੰਪਰਕ ਵਧਾਉਣ ਦੀ ਮੰਗ ਵੀ ਰੱਖੀ। ਇਸ ਨਾਲ ਜਲੰਧਰ ਸਮੇਤ ਦੁਆਬੇ ਦੇ ਵਪਾਰੀਆਂ, ਪ੍ਰਵਾਸੀ ਭਾਰਤੀਆਂ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸੁਸ਼ੀਲ ਰਿੰਕੂ ਨਾਲ ਗੱਲਬਾਤ ਤੋਂ ਬਾਅਦ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ ਹੈ ਕਿ ਪ੍ਰਦਰਸ਼ਨੀ ਕੇਂਦਰ ਜ਼ਰੂਰ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਵਾਈ ਸੰਪਰਕ ਵਧਾਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ।