ਜਲੰਧਰ ਦਿਹਾਤੀ ਪੁਲਿਸ ਨੇ ਗੁਰਾਇਆ ‘ਚ ਟੇਲਰ ਵੱਲੋਂ ਚਲਾਏ ਅਫੀਮ ਦੇ ਨਸ਼ੇ ਦੇ ਰੈਕੇਟ ਦਾ ਕੀਤਾ ਪਰਦਾਫਾਸ਼; 02 ਗ੍ਰਿਫਤਾਰ
ਝਾਰਖੰਡ ਤੋਂ ਟਰੇਨ ਰਾਹੀਂ ਪੰਜਾਬ ਤੱਕ ਕੀਤੀ ਜਾ ਰਹੀ ਸੀ ਨਸ਼ੀਲੇ ਪਦਾਰਥਾਂ ਦੀ ਤਸਕਰੀ
ਪੁਲਿਸ ਨੇ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਵਰਤੇ ਗਏ ਸਕੂਟਰ ਨੂੰ ਵੀ ਕੀਤਾ ਜ਼ਬਤ
ਜਲੰਧਰ, 24 ਸਤੰਬਰ 2024 : ਜਲੰਧਰ ਦਿਹਾਤੀ ਪੁਲਿਸ ਨੇ ਇਲਾਕੇ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਨੱਥ ਪਾਉਣ ਲਈ ਵੱਡੀ ਵਿਸ਼ੇਸ਼ ਮੁਹਿੰਮ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 1.2 ਕਿਲੋ ਅਫੀਮ ਬਰਾਮਦ ਕੀਤੀ ਹੈ। ਕਥਿਤ ਤੌਰ ‘ਤੇ ਇਹ ਨਸ਼ੀਲੇ ਪਦਾਰਥ ਝਾਰਖੰਡ ਤੋਂ ਖਰੀਦੇ ਗਏ ਸਨ।
ਫੜੇ ਗਏ ਵਿਅਕਤੀਆਂ ਦੀ ਪਛਾਣ ਰੋਸ਼ਨ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਬੀ-2/185 ਦਿਲਬਾਗ ਕਲੋਨੀ, ਗੁਰਾਇਆ ਅਤੇ ਨਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੁਹੱਲਾ ਗੁਰੂ ਨਾਨਕਪੁਰਾ, ਗੁਰਾਇਆ ਵਜੋਂ ਹੋਈ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਡੀਐਸਪੀ ਫਿਲੌਰ ਸਵਰਨ ਸਿੰਘ ਬੱਲ ਦੀ ਅਗਵਾਈ ਹੇਠ ਥਾਣਾ ਗੁਰਾਇਆ ਦੇ ਐਸਐਚਓ ਇੰਸਪੈਕਟਰ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਰੁਟੀਨ ਗਸ਼ਤ ਅਤੇ ਚੈਕਿੰਗ ਅਭਿਆਨ ਚਲਾਇਆ। ਪੁਲਿਸ ਟੀਮ ਨੇ ਪੁਲੀ ਨੇਹਰ ਕਮਾਲਪੁਰ ਨੇੜੇ ਇੱਕ ਸਕੂਟਰ ਪੀਬੀ-08-ਸੀਵੀ-9704 ਸਵਾਰ ਦੋਨਾਂ ਨੂੰ ਰੋਕਿਆ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੇ 600 ਗ੍ਰਾਮ ਦੇ ਦੋ ਵੱਖ-ਵੱਖ ਪੈਕੇਟਾਂ ਵਿਚ ਛੁਪਾਈ ਹੋਈ 1.2 ਕਿਲੋ ਅਫੀਮ ਬਰਾਮਦ ਕੀਤੀ ਹੈ।
ਮੁੱਢਲੀ ਪੜਤਾਲ ਵਿੱਚ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਰੌਸ਼ਨ ਲਾਲ ਨੇ ਇਹ ਅਫੀਮ ਝਾਰਖੰਡ ਤੋਂ ਮੰਗਵਾਈ ਸੀ ਅਤੇ ਨਰਿੰਦਰ ਸਿੰਘ ਉਸ ਦੇ ਕੋਰੀਅਰ ਦਾ ਕੰਮ ਕਰਦਾ ਸੀ। ਨਰਿੰਦਰ ਸਿੰਘ ਨਸ਼ੀਲੇ ਪਦਾਰਥਾਂ ਨੂੰ ਝਾਰਖੰਡ ਤੋਂ ਰੇਲਗੱਡੀ ਰਾਹੀਂ ਲਿਆਇਆ ਸੀ ਅਤੇ ਇਸ ਨੂੰ ਖੇਤਰ ਵਿੱਚ ਰੋਸ਼ਨ ਲਾਲ ਦੇ ਗਾਹਕਾਂ ਤੱਕ ਪਹੁੰਚਾਉਣ ਲਈ ਜਾ ਰਿਹਾ ਸੀ।
ਥਾਣਾ ਗੁਰਾਇਆ ਵਿਖੇ ਐਨਡੀਪੀਐਸ ਐਕਟ ਦੀ ਧਾਰਾ 18(ਬੀ)/29/61/85 ਤਹਿਤ ਐਫ.ਆਈ.ਆਰ ਨੰਬਰ 110 ਮਿਤੀ 22-09-2024 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ, ਅਤੇ ਪੁਲਿਸ ਝਾਰਖੰਡ ਵਿੱਚ ਨਸ਼ੀਲੇ ਪਦਾਰਥਾਂ ਦੇ ਸੰਚਾਲਨ ਦੇ ਨਾਲ-ਨਾਲ ਜ਼ਬਤ ਕੀਤੀ ਅਫੀਮ ਦੀ ਵੰਡ ਵਿੱਚ ਸ਼ਾਮਲ ਸਾਥੀਆਂ ਦੇ ਸੰਭਾਵਿਤ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਸਬੰਧਾਂ ਦੀ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਡਰੱਗ ਸਪਲਾਈ ਚੇਨ ਵਿੱਚ ਹੋਰ ਸਬੰਧਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।
ਐਸਐਸਪੀ ਖੱਖ ਨੇ ਕਿਹਾ, “ਜਲੰਧਰ ਦਿਹਾਤੀ ਪੁਲਿਸ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਰਾਜ ਦੀਆਂ ਸਰਹੱਦਾਂ ਤੋਂ ਪਾਰ ਚੱਲ ਰਹੇ ਨਸ਼ਿਆਂ ਦੇ ਨੈਟਵਰਕ ਨੂੰ ਖਤਮ ਕਰਨ ਲਈ ਆਪਣੇ ਅਣਥੱਕ ਯਤਨ ਜਾਰੀ ਰੱਖੇਗੀ।”