ਜਲੰਧਰ (ਹਰੀਸ਼ ਚਨਕਾਰਿਆ): ਜਲੰਧਰ ਵਿਖੇ ਦਿਓਲ ਨਗਰ ਨੇੜੇ ਦੁਰਗਾ ਸ਼ਕਤੀ ਮੰਦਰ ਕੋਲ 32 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲਾਸ਼ ਨੇੜਿਓਂ ਇਕ ਮੋਟਰਸਾਈਕਲ ਵੀ ਮਿਲਿਆ ਹੈ। ਇਲਾਕੇ ਦੇ ਲੋਕਾਂ ਨੇ ਇਸ ਦੀ ਸੂਚਨਾ ਥਾਣਾ ਭਾਰਗਵ ਕੈਂਪ ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਏ. ਐੱਸ. ਆਈ. ਮਨਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਸਰੀਰ ’ਤੇ ਕੁਝ ਸੱਟਾਂ ਦੇ ਨਿਸ਼ਾਨ ਵੀ ਵਿਖਾਈ ਦੇ ਰਹੇ ਹਨ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਉਰਫ ਬੱਲੀ ਪੁੱਤਰ ਗੁਰਜੀਤ ਸਿੰਘ ਨਿਵਾਸੀ ਡਾਕਟਰ ਕਾਲੋਨੀ ਬਸਤੀ ਸ਼ੇਖ ਵਜੋਂ ਹੋਈ ਹੈ।
ਉਨ੍ਹਾਂ ਦੀ ਭੈਣ ਗਗਨਦੀਪ ਕੌਰ ਪੁੱਤਰੀ ਗੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਨ੍ਹਾਂ ਦਾ ਭਰਾ ਬਲਜੀਤ ਸਿੰਘ ਦੋਆਬਾ ਚੌਂਕ ਨੇੜੇ ਸਥਿਤ ਕਮਲ ਹਸਪਤਾਲ ਕੋਲ ਦਵਾਈਆਂ ਦੀ ਦੁਕਾਨ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਮੋਟਰਸਾਈਕਲ ਨੰ. ਪੀ. ਬੀ. 08 ਐੱਫ਼. 6344 ’ਤੇ ਸਵਾਰ ਹੋ ਕੇ ਕੰਮ ’ਤੇ ਚਲਾ ਗਿਆ ਸੀ। ਦੇਰ ਸ਼ਾਮ 7 ਵਜੇ ਭਰਾ ਦੇ ਨੰਬਰ ’ਤੇ ਕਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਗੌਰਵ ਉਰਫ਼ ਗੋਰਾ ਨਾਲ ਦੂਜੇ ਦੋਸਤ ਸੂਰਜ ਕੁਮਾਰ ਨਿਵਾਸੀ ਭਾਰਗਵ ਕੈਂਪ ਦੇ ਘਰ ਬੈਠਾ ਹੈ। ਕੁਝ ਦੇਰ ਬਾਅਦ ਭਰਾ ਘਰ ਨਹੀਂ ਪਰਤਿਆ ਤਾਂ ਮੁੜ ਕਾਲ ਕੀਤੀ ਪਰ ਉਸ ਨੇ ਫੋਨ ਨਹੀਂ ਚੱਕਿਆ। ਮੈਸੇਜ ਕਰਨ ’ਤੇ ਵੀ ਕੋਈ ਜਵਾਬ ਨਹੀਂ ਮਿਲਿਆ ਅਤੇ ਵੀਰਵਾਰ ਰਾਤ ਉਹ ਘਰ ਨਹੀਂ ਆਇਆ।
ਸ਼ੁੱਕਰਵਾਰ ਸਵੇਰੇ ਲੋਕਾਂ ਨੇ ਦੱਸਿਆ ਕਿ ਉਸ ਦੇ ਭਰਾ ਦੀ ਲਾਸ਼ ਦਿਓਲ ਨਗਰ ਨੇੜੇ ਜ਼ਮੀਨ ’ਤੇ ਪਈ ਹੈ। ਪੀੜਤਾ ਗਗਨਦੀਪ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਦਾ ਕਤਲ ਸੂਰਜ ਕੁਮਾਰ ਪੁੱਤਰ ਬੂਟਾ ਰਾਮ ਨਿਵਾਸੀ 1682 ਭਾਰਗਵ ਕੈਂਪ ਅਤੇ ਗੌਰਵ ਕੁਮਾਰ ਉਰਫ਼ ਗੋਰਾ ਪੁੱਤਰ ਰਾਜ ਕੁਮਾਰ ਨਿਵਾਸੀ ਟਾਹਲੀ ਵਾਲਾ ਚੌਂਕ ਭਾਰਗਵ ਨੇ ਮਿਲ ਕੇ ਕੀਤਾ ਹੈ, ਜੋ ਕਤਲ ਤੋਂ ਬਾਅਦ ਭਰਾ ਦੀ ਲਾਸ਼ ਦਿਓਲ ਨਗਰ ਨੇੜੇ ਸੁੱਟ ਕੇ ਫਰਾਰ ਹੋ ਗਏ ਹਨ। ਭਰਾ ਦਾ ਮੋਬਾਇਲ ਫੋਨ, ਬੈਗ ਅਤੇ ਪਰਸ ਵੀ ਲਾਸ਼ ਨੇੜਿਓਂ ਨਹੀਂ ਮਿਲਿਆ, ਉੱਥੇ ਹੀ ਪੁਲਸ ਸੂਤਰਾਂ ਮੁਤਾਬਕ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨੀਵਾਰ ਜਾਂ ਫਿਰ ਇਸ ਤੋਂ ਬਾਅਦ ਪੁਲਸ ਅਧਿਕਾਰੀ ਇਸ ਗੱਲ ਦੀ ਜਾਣਕਾਰੀ ਸਾਂਝੀ ਕਰਨਗੇ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਾਬੂ ਦੋਵੇਂ ਮੁਲਜ਼ਮ ਨਸ਼ੇ ਦੇ ਟੀਕੇ ਲਗਾਉਣ ਦੇ ਆਦੀ ਹਨ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੌਤ ਦਾ ਕਾਰਨ ਕਿਤੇ ਨਸ਼ੇ ਦੀ ਓਵਰਡੋਜ਼ ਤਾਂ ਨਹੀਂ ਹੈ।