Jalandhar : ਬਰਲਟਨ ਪਾਰਕ ਪ੍ਰਾਜੈਕਟ ਨਾਲ ਬਦਲੇਗੀ ਜਲੰਧਰ ਦੀ ਦਿਸ਼ਾ ਤੇ ਦਸ਼ਾ : ਮੋਹਿੰਦਰ ਭਗਤ
ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਗਤੀਸ਼ੀਲ ਉਪਰਾਲਿਆਂ ਨੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ
ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ‘ਚ ਸੈਂਕੜੇ ਵਿਕਾਸ ਪ੍ਰਾਜੈਕਟ ਤੇਜ਼ੀ ਨਾਲ ਪੂਰੇ ਕੀਤੇ
ਜਲੰਧਰ ( Disha Sethi ) : ਲਗਭਗ 10-12 ਸਾਲਾਂ ਤੋਂ ਲੰਬਿਤ ਬਰਲਟਨ ਪਾਰਕ ਪ੍ਰਾਜੈਕਟ ਦੇ ਦੁਬਾਰਾ ਸ਼ੁਰੂ ਹੋਣ ਦੀ ਖ਼ਬਰ ਨਾਲ ਪੂਰੇ ਜਲੰਧਰ ਖੇਤਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਇਸ ਬਹੁਉਦੇਸ਼ੀ ਪ੍ਰਾਜੈਕਟ ਦੇ ਮੁੜ ਸ਼ੁਰੂ ਹੋਣ ‘ਤੇ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਸੈਂਕੜੇ ਵਿਕਾਸ ਪ੍ਰਾਜੈਕਟ ਤੇਜ਼ੀ ਨਾਲ ਪੂਰੇ ਕੀਤੇ ਹਨ। ਉਨ੍ਹਾਂ ਦੇ ਪ੍ਰਗਤੀਸ਼ੀਲ ਉਪਰਾਲਿਆਂ ਨੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਤਵਾਦ ਅਤੇ ਨਸ਼ਿਆਂ ਦੇ ਦਰਦ ਝੱਲ ਚੁੱਕੇ ਪੰਜਾਬ ਨੂੰ ਮੁੜ ਦੇਸ਼ ਦੇ ਹੋਰ ਵਿਕਸਤ ਸੂਬਿਆਂ ਦੀ ਕਤਾਰ ‘ਚ ਲਿਆਂਦਾ ਗਿਆ ਹੈ। ਮੁੱਖ ਮੰਤਰੀ ਵੱਲੋਂ ਲੰਬਿਤ ਪ੍ਰਾਜੈਕਟਾਂ ਵੱਲ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਵਿਕਾਸ ਦੇ ਕੰਮ ਚੱਲ ਰਹੇ ਹਨ, ਇਹ ਪੰਜਾਬ ਲਈ ਬਹੁਤ ਹੀ ਸਕਾਰਾਤਮਕ ਹੈ।
ਸ਼੍ਰੀ ਭਗਤ ਨੇ ਕਿਹਾ ਕਿ ਇਹ ਪ੍ਰਾਜੈਕਟ 12 ਮਹੀਨਿਆਂ ‘ਚ ਪੂਰਾ ਹੋਣਾ ਚਾਹੀਦਾ ਸੀ, ਪਰ 12 ਸਾਲਾਂ ਬਾਅਦ ਵੀ ਇਹ ਪੂਰਾ ਨਾ ਹੋਣਾ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਮੇਅਰ ਵਿਨੀਤ ਧੀਰ ਵੱਲੋਂ ਇਸ ਪ੍ਰਾਜੈਕਟ ‘ਤੇ ਖਾਸ ਧਿਆਨ ਦੇ ਕੇ ਇਸਨੂੰ ਮੁੜ ਸ਼ੁਰੂ ਕਰਵਾਉਣ ਦੀ ਜੋ ਕੋਸ਼ਿਸ਼ ਕੀਤੀ ਗਈ, ਉਹ ਕਾਬਿਲ-ਏ-ਤਾਰੀਫ਼ ਹੈ।
ਉਨ੍ਹਾਂ ਕਿਹਾ ਕਿ ਮੇਅਰ ਵਿਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਦੀ ਮਿਹਨਤ ਨੂੰ ਚਾਰ ਚੰਨ੍ਹ ਲਗਾਉਣ ਵਿੱਚ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਵੀ ਵੱਡੀ ਭੂਮਿਕਾ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਜਲੰਧਰ ਮੁੜ ਦੁਨੀਆ ਦੇ ਨਕਸ਼ੇ ‘ਤੇ ਇੱਕ ਵਿਸ਼ੇਸ਼ ਪਛਾਣ ਬਣਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਪ੍ਰਾਜੈਕਟ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਜਲੰਧਰ ਦੀ ਦਿਸ਼ਾ ਤੇ ਦਸ਼ਾ ਦੋਵਾਂ ਨੂੰ ਬਦਲਣ ਵਿੱਚ ਮਦਦਗਾਰ ਸਾਬਤ ਹੋਵੇਗਾ।

