ਗਣਤੰਤਰ ਦਿਵਸ ਸਬੰਧੀ ਹੋਈ ਫੁੱਲ ਡਰੈਸ ਰਿਹਰਸਲ- ਵਧੀਕ ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ
26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਹੋਣਗੇ ਮੁੱਖ ਮਹਿਮਾਨ

ਕਪੂਰਥਲਾ ( ਦਿਸ਼ਾ ਸੇਠੀ ) : ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਅੱਜ ਫੁੱਲ ਡਰੈਸ ਰਿਹਰਸਲ ਹੋਈ, ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ( ਜਨਰਲ) ਨਵਨੀਤ ਕੌਰ ਬੱਲ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਜ਼ਿਕਰਯੋਗ ਹੈ ਕਿ 26 ਜਨਵਰੀ ਮੌਕੇ ਡਿਪਟੀ ਕਮਿਸ਼ਨਰ ਕਪੂਰਥਲ਼ਾ ਸ੍ਰੀ ਅਮਿਤ ਕੁਮਾਰ ਪੰਚਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਉਨ੍ਹਾਂ ਜਿੱਥੇ ਪਰੇਡ ਦਾ ਨਿਰੀਖਣ ਕੀਤਾ ਉੱਥੇ ਹੀ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਇਸ ਮੌਕੇ ਡੀ.ਐਸ.ਪੀ. ਡਾ.ਸ਼ੀਤਲ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ, ਐਨ.ਸੀ.ਸੀ. ਤੇ ਹੋਰਨਾਂ ਸੁਰੱਖਿਆ ਦਸਤਿਆਂ ਦੀਆਂ ਟੁਕੜੀਆਂ ਵਲੋਂ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਲੋਂ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਪੰਜਾਬ ਸਰਕਾਰ ਦੇ ਵਿਕਾਸ ਤੇ ਲੋਕ ਭਲਾਈ ਯੋਜਨਾਵਾਂ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵਲੋਂ ਵੱਖ-ਵੱਖ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਫੁੱਲ ਡਰੈਸ ਰਿਹਰਸਲ ਉਪਰੰਤ ਸਮੂਹ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਲਈ ਸਾਰੇ ਅਧਿਕਾਰੀ ਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਕਿਉਂ ਕਿ ਇਸ ਰਾਸ਼ਟਰੀ ਤਿਉਹਾਰ ਮੌਕੇ ਸੰਵਿਧਾਨ ਲਾਗੂ ਹੋਣ ਉਪਰੰਤ ਸਾਨੂੰ ਸਾਡੇ ਅਧਿਕਾਰ ਪ੍ਰਾਪਤ ਹੋਏ ਸਨ।

ਉਨ੍ਹਾਂ ਮੌਕੇ ਉੱਪਰ ਆਵਾਜਾਈ, ਪ੍ਰਮੁੱਖ ਸ਼ਖਸ਼ੀਅਤਾਂ ਦੇ ਬੈਠਣ, ਆਜਾਦੀ ਘੁਲਾਟੀਆਂ ਦੇ ਪਰਿਵਾਰਾਂ ਦੇ ਸਨਮਾਨ ਆਦਿ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਐਸ.ਪੀ. ਗੁਰਪ੍ਰੀਤ ਸਿੰਘ , ਐਸ.ਡੀ.ਐਮ. ਮੇਜਰ ਇਰਵਿਨ ਕੌਰ ਤੇ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।













