ਮਹਿਰਾ ਕਸ਼ਿਯਪ, ਕੁਹਾਰ, ਝੀਵਰ ਸਮਾਜ ਵੱਲੋਂ ਜਲੰਧਰ ‘ਚ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਹਿਮਾਇਤ ਦਾ ਐਲਾਨ
ਕਿਹਾ- ਚਨਰਜੀਤ ਚੰਨੀ ਨੇ ਮੁੱਖ ਮੰਤਰੀ ਰਹਿੰਦਿਆਂ ਪੱਛੜੇ ਵਰਗ ਦੀ ਭਲਾਈ ਲਈ ਕੀਤੇ ਅਨੇਕਾਂ ਕੰਮ
ਜਲੰਧਰ : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਆਲ ਇੰਡੀਆ ਮਹਿਰਾ ਕਸ਼ਿਯਪ, ਝੀਵਰ, ਕਹਾਰ, ਮਲਾਹ, ਨਿਸ਼ਾਦ, ਕੇਵਟ ਗੌਰ ਕਮਿਊਨਿਟੀ ਵੈਲਫੇਅਰ ਸੁਸਾਇਟੀ ਵੱਲੋਂ ਹਿਮਾਇਤ ਦੇਣ ਦਾ ਐਲਾਨ ਕਰ ਦਿੱਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰ ਕੇ ਵੈਲਫੇਅਰ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਸਮਾਜ ਵੱਲੋਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਉਹ ਚਰਨਜੀਤ ਸਿੰਘ ਚੰਨੀ ਦੀ ਹਿਮਾਇਤ ਕੀਤੀ ਜਾਵੇਗੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸੰਸਥਾ ਦੇ ਆਗੂਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਉਹਨਾਂ ਦੇ ਹੱਕਾਂ ਲਈ ਸੰਸਦ ਵਿੱਚ ਆਵਾਜ਼ ਬੁਲੰਦ ਕਰਨਗੇ। ਸੰਸਥਾ ਦੇ ਨੈਸ਼ਨਲ ਕਨਵੀਨਰ ਬਿੱਕਰ ਸਿੰਘ ਮਹਿਰਾ ਦੀ ਅਗਵਾਈ ਵਿੱਚ ਇਕੱਠੇ ਹੋਏ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਲੰਧਰ ਤੋਂ ਦਰਵੇਸ਼ ਸਿਆਸਤਦਾਨ ਤੇ ਗ਼ਰੀਬਾਂ ਦੇ ਮਸੀਹੇ ਸ. ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾ ਕੇ ਦੱਬੇ ਕੁਚਲੇ ਲੋਕਾਂ ਦਾ ਨੁਮਾਇੰਦਾ ਬਣਾਇਆ ਹੈ। ਉਹਨਾਂ ਕਿਹਾ ਕਿ ਸ.ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਪੱਛੜੇ ਵਰਗ ਦੀ ਭਲਾਈ ਲਈ ਸਕੀਮਾਂ ਉਲੀਕੀਆਂ ਸਨ ਜਿਸਦਾ ਲਾਭ ਪਿੱਛੜਾ ਵਰਗ ਦੇ ਸਮਾਜ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਜਦੋ ਤੋਂ ਕਾਂਗਰਸ ਹੋਂਦ ਵਿੱਚ ਆਈ ਹੈ ਉਦੋਂ ਤੋ ਹੀ ਗਰੀਬ,ਪਿੱਛੜੇ,ਦਲਿਤ ਸਮਾਜ ਨੂੰ ਭਲਾਈ ਸਕੀਮਾਂ ਦਾ ਲਾਭ ਮਿਲਿਆ ਹੈ। ਇਸ ਦੌਰਾਨ ਹਾਜ਼ਰ ਮਹਿਰਾ ਸਮਾਜ ਦੇ ਕਾਰਕੁੰਨਾਂ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਸਮਾਜ ਦੇ ਆਗੂ ਬਿੱਕਰ ਸਿੰਘ ਮਹਿਰਾ ਨੂੰ ਆਲ ਇੰਡੀਆ ਕਮੇਟੀ ਫਿਸ਼ਰਮੈਨ ਦਾ ਨੈਸ਼ਨਲ ਸੈਕਟਰੀ ਅਤੇ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ ਸੈੱਲ ਨਿਯੁਕਤ ਕੀਤਾ ਗਿਆ ਹੈ ਜਦ ਕਿ ਕਰਨੈਲ ਸਿੰਘ ਮਹਿਰਾ ਨੂੰ ਜ਼ਿਲ੍ਹਾ ਜਲੰਧਰ ਕਾਂਗਰਸ ਕਮੇਟੀ ਪਿੱਛੜਾ ਵਰਗ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਮਹਿਰਾ ਸਮਾਜ ਦੇ ਕਾਰਕੁੰਨਾਂ ਨੇ ਕਾਂਗਰਸ ਹਾਈਕਮਾਨ ਨੂੰ ਭਰੋਸਾ ਦਵਾਇਆ ਕਿ ਪਿੰਡਾਂ ਵਿਚ ਜਾ ਕੇ ਕਾਂਗਰਸ ਪਾਰਟੀ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਵਾਈਆਂ ਜਾਣਗੀਆਂ। ਇਸ ਮੌਕੇ ਤੇ ਐਡਵੋਕੇਟ ਅਮਰਜੀਤ ਸਿੰਘ, ਰਾਜ ਕੁਮਾਰ ਮਹਿਰਾ, ਗੋਪੀ ਚੰਦ ਮਹਿਰਾ, ਰੌਸ਼ਨ ਲਾਲ ਮਹਿਰਾ, ਸੁਖਵਿੰਦਰ ਪਾਲ ਮਹਿਰਾ, ਜਸ਼ਪਾਲ ਸਿੰਘ ਮਹਿਰਾ, ਹਰਜੀਤ ਸਿੰਘ ਮਹਿਰਾ, ਅਮਰਜੀਤ ਪਾਸਲਾ, ਸੁੱਚਾ ਰਾਮ ਪਾਸਲਾ, ਜਰਨੈਲ ਸਿੰਘ ਬਿਲਗਾ, ਅਕਸ਼ਦ ਨੂਰਮਹਿਲ ਆਦਿ ਹਾਜ਼ਰ ਸਨ।