ਭਾਜਪਾ ਵੱਲੋਂ ਦੇਸ਼ ਦਾ ਸੰਵਿਧਾਨ ਬਦਲਣ ਦੇ ਮਨਸੂਬੇ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਕਾਮਯਾਬ : ਚਰਨਜੀਤ ਸਿੰਘ ਚੰਨੀ
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਹੋਈ ਰੈਲੀ ਤੇ ਰੋਡ ਸ਼ੋਅ ਵਿੱਚ ਹਜ਼ਾਰਾਂ ਲੋਕ ਚੰਨੀ ਦੇ ਹੱਕ ਵਿੱਚ ਨਿੱਤਰੇ ਤੇ ਵੱਡੀ ਲੀਡ ਨਾਲ ਜਿੱਤ ਦਾ ਦਿੱਤਾ ਸੰਕੇਤ
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਤੋਂ ਪਹਿਲਾ ਪੁੱਡਾ ਗਰਾਂਊਂਡ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਤੇ ਇਨ੍ਹਾਂ ਠਾਂਠਾ ਮਾਰਦੇ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਚਰਨਜੀਤ ਸਿੰਘ ਚੰਨੀ ਦੀ ਵੱਡੀ ਲੀਡ ਨਾਲ ਜਿੱਤ ਦੇ ਸੰਕੇਤ ਦੇ ਦਿੱਤੇ। ਇਸ ਤੋਂ ਪਹਿਲਾ ਚਰਨਜੀਤ ਸਿੰਘ ਚੰਨੀ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਅਤੇ ਗੁਰਦੁਆਰਾ ਸਾਹਿਬ ਮਾਡਲ ਟਾਊਨ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪੰਜਾਬ ਵਿਧਾਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੌਧਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਜਦ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਬਾਵਾ ਹੈਨਰੀ, ਸਾਬਕਾ ਮੰਤਰੀ ਅਵਤਾਰ ਹੈਨਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਡਾ.ਨਵਜੋਤ ਦਾਹੀਆ ਅਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਵੱਡੇ ਕਾਫ਼ਲਿਆਂ ਦੇ ਨਾਲ ਇਸ ਰੈਲੀ ਵਿੱਚ ਪੁੱਜੇ। ਇਸ ਤੋਂ ਬਾਅਦ ਲੋਕਾਂ ਦੇ ਇੱਕ ਵੱਡੇ ਕਾਫ਼ਲੇ ਦੇ ਨਾਲ ਚਰਨਜੀਤ ਸਿੰਘ ਚੰਨੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪੁੱਜੇ। ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਹੋਕਾ ਦਿੱਤਾ।
ਚੰਨੀ ਨੇ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਅਤੇ ਪੰਜਾਬ ਦੀ ਹੋਂਦ ਨੂੰ ਭਾਜਪਾ ਤੋਂ ਖ਼ਤਰਾ ਹੈ ‘ਤੇ ਸਾਡਾ ਸੰਵਿਧਾਨ ਬਦਲਣ ਦੀਆਂ ਕੋਝੀਆਂ ਸਾਜਿਸ਼ਾਂ ਚੱਲ ਰਹੀਆ ਹਨ।ਉਨਾਂ ਕਿਹਾ ਕਿ ਜੇਕਰ ਭਾਜਪਾ ਦੁਬਾਰਾ ਸੱਤਾ ਤੇ ਕਾਬਜ਼ ਹੁੰਦੀ ਹੈ ਤਾਂ ਇਹ ਸੰਵਿਧਾਨ ਨੂੰ ਬਦਲੇਗੀ ਤੇ ਭਾਜਪਾ ਸੰਵਿਧਾਨ ਬਦਲਕੇ ਬਾਬਾ ਭੀਮ ਰਾਉ ਅੰਬੇਡਕਰ ਜੀ ਦੇ ਨਾਮ ਅਤੇ ਉਨਾਂ ਦੀ ਸੋਚ ਖ਼ਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਇਹ ਹੋਣ ਨਹੀਂ ਦੇਣਾ ਜਿਸ ਕਰਕੇ ਭਾਜਪਾ ਨੂੰ ਕੇਂਦਰ ਵਿੱਚ ਸੱਤਾ ਤੇ ਕਾਬਜ਼ ਹੋਣ ਤੋਂ ਰੋਕਣਾ ਬਹੁਤ ਜ਼ਰੂਰੀ ‘ਤੇ ਇਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਭਾਜਪਾ ਨੂੰ ਵੋਟ ਪਾਉਣਾ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਦੇ ਬਰਾਬਰ ਹੈ। ਚੰਨੀ ਨੇ ਕਿਹਾ ਕਿ ਅੱਜ ਜਲੰਧਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਰਿੰਕੂ ਨੂੰ ਵਿਕਾਸ ਦਾ ਪਾਸਵਰਡ ਦਿੱਤਾ ਸੀ ਪਰ 10 ਮਹੀਨੇ ਵਿੱਚ ਰਿੰਕੂ ਨੇ ਜਲੰਧਰ ਦਾ ਕੁੱਝ ਸਵਾਰਿਆ ਤਾਂ ਨਹੀਂ ਉਲਟਾ ਭਗਵੰਤ ਮਾਨ ਦਾ ਪਾਸਵਰਡ ਲੈ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ।
ਉਹਨਾਂ ਕਿਹਾ ਕਿ ਇਨ੍ਹਾਂ ਦਲ ਬਦਲੂ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੂਠਾ ਪਾਣੀ ਪੱਗ ਤੇ ਪਾ ਕੇ ਪੱਗ ਦੀ ਬੇਅਦਬੀ ਕੀਤੀ ਹੈ। ਚੰਨੀ ਨੇ ਕਿਹਾ ਕਿ ਐਨ.ਆਰ.ਆਈ ਭਰਾਵਾਂ ਨੇ ਦੁਆਬੇ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ ਉਨ੍ਹਾਂ ਨੂੰ ਪੰਜਾਬ ਵਿੱਚ ਰੈੱਡ ਕਾਰਪੇਟ ਮਿਲੇਗਾ ਜਦ ਕਿ ਉਨਾਂ ਨਾਲ ਕਿਸੇ ਕਿਸਮ ਦਾ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਹਰ ਮੁਲਾਜ਼ਮ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਲਈ ਤਿਆਰ ਬੈਠਾ ਹੈੇ। ਚੰਨੀ ਨੇ ਕਿਹਾ ਕਿ ਇਥੋਂ ਦੇ ਲੀਡਰ ਦੜਾ ਸੱਟਾ ਤੇ ਲਾਟਰੀ ਕਾਰੋਬਾਰ ਚਲਾ ਰਹੇ ਹਨ ਤੇ ਨਸ਼ੇ ਦੀ ਸਪਲਾਈ ਵਿੱਚ ਵੀ ਇਨ੍ਹਾਂ ਦੀ ਹੀ ਸਰਪ੍ਰਸਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਜਲੰਧਰ ਵਿੱਚ ਆ ਕੇ ਨਸ਼ੇ ਦਾ ਰੋਲਾ ਪਾਇਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਨਸ਼ੇ ਦੇ ਤਸਕਰਾਂ ਨੂੰ ਪਕੜਨਾ ਸ਼ੁਰੂ ਕੀਤਾ ‘ਤੇ ਸੱਚ ਸਾਹਮਣੇ ਆਇਆ ਕਿ ਫੜੇ ਗਏ ਤਸਕਰਾਂ ਦੇ ਸਬੰਧ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਇਹਨਾਂ ਲੀਡਰਾਂ ਨਾਲ ਹਨ। ਉਨ੍ਹਾਂ ਕਿਹਾ ਕਿ ਸ਼ੀਤਲ ਅੰਗੂਰਾਲ ਦੇ ਨਾਲ ਇਨ੍ਹਾਂ ਤਸਕਰਾਂ ਦੇ ਸਬੰਧ ਹਨ। ਉਨ੍ਹਾਂ ਭਾਜਪਾ ਤੇ ਆਮ ਆਦਮੀ ਪਾਰਟੀ ਵਾਲੇ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ।
ਸ. ਚੰਨੀ ਨੇ ਕਿਹਾ ਕਿ ਤਾਂ ਇਨ੍ਹਾਂ ਲੋਕਾਂ ਨੂੰ ਨਾ ਜਲੰਧਰ ਦੇ ਲੋਕ ਬਖਸ਼ਣਗੇ ‘ਤੇ ਹੀ ਉਹ ਬਖਸ਼ਣਗੇ ਤੇ ਉਹ ਉਦੋਂ ਤੱਕ ਚੁੱਪ ਨਹੀਂ ਬੈਠਣਗੇ ਜਦੋਂ ਤੱਕ ਨਸ਼ਾ ਖ਼ਤਮ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਰਿੰਕੂ ਨੂੰ ਸੋਨੇ ਦੀਆਂ ਚੈਨਾਂ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਆਮ ਆਦਮੀ ਵਿੱਚ ਉਦੋਂ ਤੱਕ ਕਿਸੇ ਨੇ ਇਨ੍ਹਾਂ ਨੂੰ ਤੰਗ ਨਹੀਂ ਕੀਤਾ ਤੇ ਅੱਜ ਭਾਜਪਾ ਇਨ੍ਹਾਂ ਡਰਾ ਕੇ ਆਪਣੇ ਨਾਲ ਲੈ ਗਈ ਹੈੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਜੀ.ਓ.ਜੀ ਭਰਤੀ ਕੀਤੇ ਗਏ ਸਾਬਕਾ ਫੌਜੀਆਂ ਨੂੰ ਇਸ ਸਰਕਾਰ ਨੇ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਜਲੰਧਰ ਹਲਕੇ ਦੇ ਲੋਕਾਂ ਨੇ ਸੜਕ ਬਣਾਉਣ ਵਾਲੇ ਰੋਡ ਰੋਲਰ ਸੜਕਾਂ ਤੇ ਚਲਦੇ ਨਹੀਂ ਦੇਖੇ ਤੇ ਇਥੋਂ ਦੀਆਂ ਸੜਕਾਂ ਦਾ ਹਾਲ ਇਸ ਕਦਰ ਮਾੜਾ ਹੈ ਕਿ ਇਹ ਸੜਕਾਂ ਹਾਦਸਿਆਂ ਦਾ ਕਾਰਨ ਬਣ ਰਹੀਆ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਵਿੱਚ ਕਿਸੇ ਨਗਰ ਕੌਂਸਲ, ਕਾਰਪੋਰੇਸ਼ਨ ਜਾਂ ਪੰਚਾਇਤ ਨੂੰ ਕੋਈ ਪੈਸਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਝਾੜੂ ਨੂੰ ਜਿਤਾ ਕੇ ਲੋਕਾਂ ਨੇ ਪੰਜਾਬ ਚ ਕਲੇਸ਼ ਖੜਾ ਲਿਆ ਹੈ ਤੇ ਹੁਣ ਲੋਕ ਝਾੜੂ ਨੂੰ ਲੰਬਾ ਪਾਉਣ ਦੀ ਤਿਆਰੀ ਵਿੱਚ ਹਨ ਤਾਂ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਖੁਸ਼ਹਾਲੀ ਆ ਸਕੇ। ਸ.ਚੰਨੀ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਰੋਡ ਸ਼ੋਅ ਵਿੱਚ ਦਿਹਾੜੀ ਤੇ ਲੋਕ ਲਿਆਂਦੇ ਗਏ ਕਿਉਂਕਿ ਲੋਕ ਅੱਜ ਭਾਜਪਾ ਨੂੰ ਭਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਨੁਕਸਾਨ ਭਾਜਪਾ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਸਾਲ ‘ਚ ਕੀਤਾ ਗਿਆ ਹੈ ਇਹ ਦਿਨ ਪੰਜਾਬ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਸਰਕਾਰ ਨੇ ਕੁੱਟਿਆ ਤੇ ਮਾਰਿਆ ਹੈ ਜਦ ਕਿ ਪੰਜਾਬ ਦੀ ਸਰਹੱਦ ਵਿੱਚ ਮਾਰੇ ਗਏ ਕਿਸਾਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਤੱਕ ਨਹੀਂ ਕੀਤੀ ਗਈ। ਸ.ਚੰਨੀ ਨੇ ਕਿਹਾ ਕਿ ਕਿਸਾਨਾਂ ਦਾ ਪੁੱਤ ਬਣਕੇ ਮੁੱਖ ਮੰਤਰੀ ਕਿਸਾਨਾਂ ਨਾਲ ਧ੍ਰੋਹ ਕਮਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਖੰਡ ਬੱਲਾਂ ਵਿਖੇ ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਅਧਿਐਨ ਸੈਂਟਰ ਖੋਲ੍ਹਣ ਲਈ ਉਨ੍ਹਾਂ ਨੇ 25 ਕਰੋੜ ਰੁਪਏ ਦਿੱਤੇ ਸਨ ਪਰ ਅੱਜ ਤੱਕ ਮੌਜੂਦਾ ਸਰਕਾਰ ਨੇ ਇੱਕ ਰੁਪਇਆ ਵੀ ਇਥੇ ਲੱਗਣ ਨਹੀਂ ਦਿੱਤਾ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਵਾਲਮੀਕਿ ਤੀਰਥ ਦੇ ਲਈ 28 ਕਰੋੜ ਰੁਪਏ ਦਿੱਤੇ ਪਰ ਅੱਜ ਤੱਕ ਇਸ ਮੌਜੂਦਾ ਪੰਜਾਬ ਸਰਕਾਰ ਨੇ ਇੱਕ ਰੁਪਏ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ।ਜਦ ਕਿ ਭਾਈ ਜੈਤਾ ਜੀ ਦੀ ਸਥਾਪਤ ਕੀਤੀ ਗਈ ਚੇਅਰ ਦਾ ਕੰੰਮ ਵੀ ਅੱਗੇ ਵੱਧਣ ਨਹੀਂ ਦਿੱਤਾ। ਸ.ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਅੱਜ ਬਹੁਤ ਤਸੱਲੀ ਹੋਈ ਜਦੋਂ ਮੁੱਖ ਮੰਤਰੀ ਰਹਿੰਦਿਆਂ ਭਗਵਾਨ ਪਰਸ਼ੂ ਰਾਮ ਜੀ ਦੇ ਮੰਦਿਰ ਖਾਟੀ ਫਗਵਾੜਾ ਲਈ 10 ਕਰੋੜ ਰੁਪਏ ਦਿੱਤੇ ਤੇ ਅੱਜ ਭਗਵਾਨ ਪਰਸ਼ੂ ਰਾਮ ਜੀ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋ ਕਰੋੜ ਰੁੁਪਏ ਭਗਵਾਨ ਵਿਸ਼ਵਕਰਮਾ ਜੀ ਦੇ ਮੰਦਿਰ ਲਈ ਦਿੱਤੇ ਜਦ ਕਿ ਭਗਵਾਨ ਕਬੀਰ ਜੀ ਗੁਰੂ ਰਵਿਦਾਸ ਧਾਮ ਨੂੰ ਫੰਡ ਦਿੱਤੇ। ਉਨ੍ਹਾਂ ਕਿਹਾ ਕਿ ਬਿਜਲੀ ਅਤੇ ਪਾਣੀ ਦੇ ਬਕਾਏ ਬਿੱਲ ਉਨ੍ਹਾਂ ਦੀ ਸਰਕਾਰ ਵੱਲੋਂ ਮਾਫ਼ ਕੀਤੇ ਗਏ ਜਦ ਕਿ ਮੁਲਾਜ਼ਮਾਂ ਤਨਖਾਹਾਂ ਵਧਾਈਆਂ ਗਈਆਂ ਸਨ। ਉਨਾਂ ਕਿਹਾ ਕਿ ਅੱਜ ਜਲੰਧਰ ਦੇ ਲੋਕ ਇੱਕ ਤਰਫ਼ਾ ਹੋ ਕੇ ਉਨਾਂ ਦੇ ਨਾਲ ਜੁੜ ਰਹੇ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ,ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੋਧਰੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਬਾਵਾ ਹੈਨਰੀ, ਸਾਬਕਾ ਮੰਤਰੀ ਅਵਤਾਰ ਹੈਨਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਡਾ.ਨਵਜੋਤ ਦਾਹੀਆ ਅਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਨੇ ਵੀ ਲੋਕਾਂ ਨੂੰ ਕਾਂਗਰਸ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕਰਦਿਆ ਕਿਹਾ ਕਿ ਕਾਂਗਰਸ ਨੇ ਇੱਕ ਚੰਗੀ ਤੇ ਦੂਰਅੰਦੇਸ਼ੀ ਸੋਚ ਰੱਖਣ ਵਾਲਾ ਲੀਡਰ ਸਾਨੂੰ ਦਿੱਤਾ ਹੈ ਤੇ ਹੁਣ ਅਸੀ ਇਸ ਦੀ ਕਦਰ ਪਾ ਕੇ ਵੱਡੀ ਲੀਡ ਨੂੰ ਜਿਤਾ ਕੇ ਲੋਕ ਸਭਾ ਭੇਜੀਏ ਤਾਂ ਜੋ ਦੁਆਬੇ ਦੇ ਮਸਲੇ ਦੇਸ਼ ਦੀ ਲੋਕ ਵਿੱਚ ਹੱਲ ਹੋ ਸਕਣ। ਇਸ ਮੌਕੇ ਸ. ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਅੰਮ੍ਰਿਤਪਾਲ ਭੌਂਸਲੇ ਫਿਲੌਰ, ਡਾ. ਸੁਖਬੀਰ ਸਿੰਘ ਸਲਾਰਪੁਰ ਤੋਂ ਇਲਾਵਾ ਕੌਂਸਲਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ ਅਤੇ ਇਲਾਕੇ ਭਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।

