ਨਕੋਦਰ ‘ਚ ਗੈਰ ਕਨੂੰਨੀ ਮਾਈਨਿੰਗ ਤੇ ਨਸ਼ਿਆਂ ਦੀ ਭਰਮਾਰ ਤੋਂ ਲੋਕ ਤੰਗ : ਚਰਨਜੀਤ ਚੰਨੀ
ਜਲੰਧਰ ਚੋਂ ਮਾਈਨਿੰਗ ਤੇ ਨਸ਼ੇ ਮਾਫੀਏ ਦਾ ਖ਼ਾਤਮਾ ਕਰਨਾ ਮੁੱਖ ਟੀਚਾ : ਚਰਨਜੀਤ ਚੰਨੀ
ਜਲੰਧਰ (ਦਿਸ਼ਾ ਸੇਠੀ): ਗੈਰ ਕਨੂੰਨੀ ਮਾਈਨਿੰਗ ਨੂੰ ਬੰਦ ਕਰ ਕਨੂੰਨੀ ਤੋਰ ਤੇ ਮਾਈਨਿੰਗ ਕਰਕੇ 20 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਗੈਰ ਕਨੂੰਨੀ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਕੋਦਰ ਹਲਕੇ ਦੇ ਵਿੱਚ ਵੱਖ ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਹੀ। ਚਰਨਜੀਤ ਸਿੰਘ ਚੰਨੀ ਵੱਲੋਂ ਨਕੋਦਰ ਦੇ ਪਿੰਡ ਭੰਗਲਾ, ਬਤੂਰਾ, ਚੂਹੇਕੀ, ਕੰਧੋਲਾ ਕਲਾਂ, ਤਲਵਣ, ਪੁਆਦੜਾ, ਔਜਲਾ, ਉੱਪਲ਼ ਖਾਲਸਾ, ਨਵਾਂ ਪਿੰਡ ਸ਼ੱਕੀਆਂ, ਸਿੱਧਵਾਂ, ਬੀਰ ਪਿੰਡ, ਮਾਹੂਵਾਲ, ਸੈਦੂ ਪੁਰ, ਬਿਲਾ ਨਵਾਬ,ਕਾਂਗੜਾ, ਉੱਘੀ ਵਿੱਚ ਵੱਖ ਵੱਖ ਚੋਣ ਜਲਸੇ ਕੀਤੇ ਗਏ। ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੇਤੇ ਦੀਆਂ ਖੱਡਾਂ ਤੇ ਦਰਿਆਵਾਂ ਵਿੱਚ ਜਾ ਕੇ ਸਰਕਾਰਾਂ ਨੂੰ ਭੰਡਦੇ ਸਨ ਤੇ ਕਨੂੰਨੀ ਤੋਰ ਤੇ ਮਾਈਨਿੰਗ ਕਰਵਾ ਕੇ ਸਸਤਾ ਰੇਤਾ ਉਪਲੱਬਧ ਕਰਵਾਉਣ ਦੇ ਦਾਵੇ ਕਰਦੇ ਸਨ ਪਰ ਅੱਜ ਇੰਨਾਂ ਲੀਡਰਾਂ ਦੇ ਸਾਰੇ ਦਾਵਿਆ ਦੀ ਪੋਲ ਖੁੱਲ ਚੁੱਕੀ ਹੈ। ਉੱਨਾਂ ਕਿਹਾ ਕਿ ਅੱਜ ਸਰਕਾਰੀ ਸਰਪ੍ਰਸਤੀ ਹੇਠ ਗੈਰ ਕਨੂੰਨੀ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਚੰਨੀ ਨੇ ਕਿਹਾ ਕਿ ਨਕੋਦਰ ਦੇ ਵਿੱਚ ਸਰਕਾਰੀ ਸ਼ਹਿ ਨਾਲ ਗੈਰ ਕਨੂੰਨੀ ਕਰਕੇ ਮਹਿੰਗਾ ਰੇਤਾ ਵੇਚਿਆ ਜਾ ਰਿਹਾ ਹੈ। ਉੱਨਾਂ ਕਿਹਾ ਕਿ ਗੈਰ ਕਨੂੰਨੀ ਮਾਈਨਿੰਗ ਕਰ ਸਰਕਾਰ ਦੇ ਬੰਦੇ ਸਰਕਾਰੀ ਖਜਾਨੇ ਦੀ ਬਜਾਏ ਆਪਣੀਆਂ ਜੇਂਭਾ ਭਰ ਰਹੇ ਹਨ ਤੇ ਲੋਕਾਂ ਨੂੰ ਰੇਤਾ ਮਹਿੰਗਾ ਮਿਲ ਰਿਹਾ ਹੈ।ਉੱਨਾਂ ਕਿਹਾ ਮੁੱਖ ਮੰਤਰੀ ਰਹਿੰਦਿਆਂ ਉੱਨਾਂ ਰੇਤੇ ਦਾ ਭਾਅ ਸਾਢੇ ਪੰਜ ਰੁਪਏ ਕਰ ਦਿੱਤਾ ਸੀ ਪਰ ਹੁਣ ਰੇਤੇ ਦਾ ਮੁੱਲ ਕਈ ਗੁਣਾ ਵੱਧ ਗਿਆ ਹੈ ਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇੱਥੇ ਨਸ਼ਿਆਂ ਦੀ ਵੀ ਭਰਮਾਰ ਹੈ ਤੇ ਘਰ ਘਰ ਨਸ਼ਾ ਪਹੁੰਚਾਉਣ ਦਾ ਕੰਮ ਵੀ ਲੀਡਰਾਂ ਦੀ ਸ਼ਹਿ ਤੇ ਹੀ ਹੋ ਰਿਹਾ ਹੈ। ਉੱਨਾਂ ਕਿਹਾ ਕਿ ਇਸ ਇਲਾਕੇ ਵਿੱਚ ਚੋਣ ਪ੍ਰਚਾਰ ਕਰਦਿਆਂ ਬਹੁਤ ਲੋਕਾਂ ਨੇ ਨਸ਼ੇ ਦੀ ਭਰਮਾਰ ਬਾਰੇ ਉੱਨਾਂ ਨੂੰ ਦੱਸਿਆ ਹੈ ਤੇ ਲੋਕਾਂ ਨੇ ਦੱਸਿਆ ਕਿ ਬਹੁਤ ਘਰ ਨਸ਼ੇ ਦੇ ਕਾਰਨ ਬਰਬਾਦ ਹੋ ਗਏ ਹਨ। ਚੰਨੀ ਨੇ ਲੋਕਾ ਨੂੰ ਭਰੋਸਾ ਦਿਵਾਇਆ ਕਿ ਇੱਥੇ ਯਾਂ ਤਾਂ ਨਸ਼ੇ ਦਾ ਮਾਫ਼ੀਆ ਰਹੇਗਾ ਯਾਂ ਫਿਰ ਉਹ ਰਹਿਣਗੇ। ਉੱਨਾਂ ਕਿਹਾ ਕਿ ਨਸ਼ੇ ਦਾ ਖਾਤਮਾ ਕਰ ਮਾਫੀਏ ਨੂੰ ਇੱਥੋਂ ਭਜਾਉਣਾ ਉਨਾ ਦਾ ਮੁੱਖ ਟੀਚਾ ਹੈ। ਚੰਨੀ ਨੇ ਕਿਹਾ ਕਿ ਜਲੰਧਰ ਹਲਕੇ ਤੋਂ ਹਰ ਤਰਾਂ ਦੇ ਮਾਫੀਏ ਦਾ ਪਰਦਾ ਫਾਸ਼ ਕਰਨਾ ਅਤੇ ਮਾਫੀਏ ਤੇ ਕਾਰਵਾਈ ਕਰਵਾਉਣਾ ਉਨਾ ਦੀ ਜਿੰਮੇਵਾਰੀ
ਹੋਵੇਗੀ। ਉੱਨਾਂ ਕਿਹਾ ਕਿ ਅੱਜ ਉੱਨਾਂ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਲੋਕ ਉੱਨਾਂ ਨੂੰ ਨਸ਼ਿਆਂ ਕਾਰਨ ਬਰਬਾਦ ਹੋ ਰਹੇ ਆਪਣੇ ਘਰਾਂ ਦੀ ਵਿੱਥਿਆ ਦੱਸਦੇ ਹਨ। ਇਸ ਦੋਰਾਨ ਨਕੋਦਰ ਦੇ ਹਲਕਾ ਇੰਚਾਰਜ ਡਾ.ਨਵਜੋਤ ਦਹੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੀ ਮੰਗ ਤੇ ਹੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਹਲਕੇ ਵਿੱਚ ਭੇਜਿਆ ਹੈ ਤੇ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇੱਕ ਨਿਧੜਕ ਜਰਨੈਲ ਮਿਲਿਆ ਹੈ ਜੋ ਲੋਕ ਸਭਾ ਵਿੱਚ ਜਾ ਕੇ ਜਲੰਧਰ ਦੇ ਮਸਲੇ ਹੱਲ ਕਰਵਾਉਣ ਦੇ ਨਾਲ ਨਾਲ ਜਲੰਧਰ ਦੀ ਤਰੱਕੀ ਲਈ ਨਵੇਂ ਪ੍ਰੋਜੇਕਟ ਲੈ ਕੇ ਆਉਣਗੇ। ਉੱਨਾਂ ਕਿਹਾ ਕਿ ਅੱਜ ਦੇਸ਼ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਵੱਖ ਵੱਖ ਰਾਜਾਂ ਚ ਹੋਈਆਂ ਚੋਣਾਂ ਨੇ ਇਸ ਗੱਲ ਦੇ ਸੰਕੇਤ ਵੀ ਦਿੱਤੇ ਹਨ। ਉੱਨਾਂ ਕਿਹਾ ਕਿ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਤੇ ਚਰਨਜੀਤ ਚੰਨੀ ਵਜ਼ੀਰ ਬਣਨਗੇ ਤੇ ਜਲੰਧਰ ਦੀ ਤਰੱਕੀ ਦੇ ਵੱਡੇ ਰਾਹ ਖੁੱਲਣਗੇ। ਇਸ ਮੋਕੇ ਤੇ ਨੂਰ ਮਹਿਲ ਦੇ ਬਲਾਕ ਕਾਂਗਰਸ ਪ੍ਰਧਾਨ ਬਲਜੀਤ ਸਿੰਘ ਜੋਹਲ, ਚਰਨ ਸਿੰਘ ਚੇਅਰਮੈਨ ਮਾਰਕਿਟ ਕਮੇਟੀ, ਅਮਨਦੀਪ ਸਿੰਘ ਫਰਵਾਲਾ ਮੈਂਬਰ ਜਿਲਾ ਪ੍ਰੀਸ਼ਦ, ਮੁਖ਼ਤਿਆਰ ਸਿੰਘ ਹੇਅਰ ਮੈਂਬਰ ਜਿਲਾ ਪ੍ਰੀਸ਼ਦ, ਹੈਪੀ ਸੰਧੂ ਪ੍ਰਧਾਨ ਟਰੱਕ ਯੂਨੀਅਨ, ਅਨੋਖ ਸਿੰਘ ਚੀਮਾ ਸਾਬਕਾ ਚੇਅਰਮੈਨ, ਜੰਗ ਬਹਾਦਰ ਕੋਹਲੀ ਕੋਸਲਰ, ਰਾਕੇਸ਼ ਕਲੇਰ ਮਿੰਟੀ ਤੇ ਅਵਤਾਰ ਸਿੰਘ ਤੋਂ ਵੱਡੀ ਗਿਣਤੀ ਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਵਰਕਰ ਤੇ ਇਲਾਕੇ ਦੇ ਲੋਕ ਹਾਜ਼ਰ ਸਨ।

