ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਅਮੂਲ ਕੰਪਨੀ ਵੱਲੋਂ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਆਮ ਆਦਮੀ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਕਿਹਾ ਹੈ ਕਿ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੁਲ ਫਰੈਸ਼ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ ਸੋਮਵਾਰ ਸਵੇਰ ਤੋਂ ਲਾਗੂ ਹੋ ਗਈਆਂ ਹਨ।
ਫੈਡਰੇਸ਼ਨ ਨੇ ਪੱਤਰ ਜਾਰੀ ਕਰਕੇ ਕਿਹਾ ਕਿ ਸੰਚਾਲਨ ਅਤੇ ਉਤਪਾਦਨ ਦੀ ਕੁੱਲ ਲਾਗਤ ਵਧਣ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਦੱਸਿਆ ਗਿਆ ਕਿ ਖੇਤੀ ਲਾਗਤਾਂ ਵਧਣ ਕਾਰਨ ਸਾਡੀਆਂ ਮੈਂਬਰ ਯੂਨੀਅਨਾਂ ਨੇ ਕਿਸਾਨਾਂ ਤੋਂ ਖਰੀਦੇ ਦੁੱਧ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ 6-8 ਫੀਸਦੀ ਵਧਾ ਦਿੱਤੇ ਹਨ। ਅਮੂਲ ਦੁੱਧ ਉਤਪਾਦਕਾਂ ਨੂੰ ਖਪਤਕਾਰਾਂ ਦੁਆਰਾ ਅਦਾ ਕੀਤੇ ਹਰੇਕ ਰੁਪਏ ਵਿੱਚੋਂ ਲਗਭਗ 80 ਪੈਸੇ ਦਿੰਦਾ ਹੈ।