ਚੰਡੀਗੜ੍ਹ : ਪੰਜਾਬ ਵਿਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ, ਹਾਲਾਤ ਇਹ ਹਨ ਕਿ ਅੱਗ ਵਰ੍ਹਾਊ ਧੁੱਪ ਕਾਰਨ ਲੋਕਾਂ ਦਾ ਘਰਾਂ ‘ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਦਿਨ ਸਮੇਂ ਬਾਜ਼ਾਰ ਸੁੰਨਸਾਨ ਨਜ਼ਰ ਆ ਰਹੇ ਹਨ। ਇਸ ਸਬੰਧੀ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਜੇ ਕੁਝ ਦਿਨਾਂ ਤਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਰਕੇ ਅਗਲੇ ਤਿੰਨ-ਚਾਰ ਦਿਨਾਂ ਵਿਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਦੌਰਾਨ ਮੌਨਸੂਨ ਨੂੰ ਲੈ ਕੇ ਵੀ ਤਾਜ਼ਾ ਜਾਣਕਾਰੀ ਮਿਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਨੇ ਲਗਾਤਾਰ ਰਫ਼ਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮੌਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3-4 ਦਿਨ ਪਹਿਲਾਂ ਪਹੁੰਚ ਰਿਹਾ ਹੈ।

ਦੂਜੇ ਪਾਸੇ ਸੋਮਵਾਰ ਨੂੰ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦੇ ਲੱਗਭਗ ਰਿਕਾਰਡ ਕੀਤਾ ਗਿਆ। ਗਰਮੀ ਕਾਰਨ ਸੜਕਾਂ ‘ਤੇ ਆਵਾਜਾਈ ਘੱਟ ਨਜ਼ਰ ਆ ਰਹੀ ਹੈ। ਦੁਪਹਿਰ ਸਮੇਂ ਲੋਕ ਘਰਾਂ ਵਿਚ ਰਹਿਣ ‘ਤੇ ਮਜਬੂਰ ਹੋ ਗਏ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 11 ਜੂਨ ਨੂੰ ਯੈਲੋ ਅਲਰਟ ਜਦੋਂ ਕਿ 12 ਨੂੰ ਔਰੇਂਜ ਅਲਰਟ ਰਹੇਗਾ। ਔਰੇਂਜ ਅਲਰਟ ਵਿਚ ਗਰਮੀ ਦਾ ਜ਼ੋਰ ਹੋਰ ਵੀ ਵਧੇਗਾ, ਜਿਸ ਕਾਰਨ ਤਾਪਮਾਨ ਵਿਚ ਵਾਧਾ ਹੋਣਾ ਲਾਜ਼ਮੀ ਹੈ।

ਹਾਲਤ ਇਹ ਹੈ ਕਿ 2-3 ਦਿਨਾਂ ਤੋਂ ਪੰਜਾਬ ਸਮੇਤ ਕਈ ਸੂਬਿਆਂ ਵਿਚ ਗਰਮੀ ਵੱਧ ਰਹੀ ਹੈ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਗਰਮ ਹਵਾਵਾਂ ਦਾ ਜ਼ੋਰ ਵਧਿਆ ਹੈ, ਜਿਸ ਨਾਲ ਕਈ ਇਲਾਕਿਆਂ ਵਿਚ ਰਾਤ ਦੇ ਤਾਪਮਾਨ ਵਿਚ ਕਮੀ ਨਹੀਂ ਹੋ ਰਹੀ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਪਤਾ ਲੱਗ ਰਿਹਾ ਹੈ ਕਿ ਗਰਮੀ ਦਾ ਜ਼ੋਰ ਇਸ ਹਫਤੇ ਨਹੀਂ ਘਟੇਗਾ।

ਬੀਤੇ ਦਿਨੀਂ ਪਠਾਨਕੋਟ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਹੈ ਜਿਸ ਦਾ 43.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਵਿਚ 43.7, ਬਠਿੰਡਾ ਵਿਚ 43.4, ਅੰਮ੍ਰਿਤਸਰ ਵਿਚ 43.2, ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਰੋਪੜ ਵਿਚ 41.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਤਾਪਮਾਨ 43 ਡਿਗਰੀ ‘ਤੇ ਪਹੁੰਚ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਗਰਮੀ ਵਧੇਗੀ।

Share This
0
About Author

Social Disha Today

Leave a Reply

Your email address will not be published. Required fields are marked *