ਮੋਹਾਲੀ (ਬਿਊਰੋ ਡੈਸਕ): ਮੋਹਾਲੀ ਵਿੱਚ ਸਨਿਚਰਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਿੱਚ ਇੱਕ ਨੌਜਵਾਨ ਕੁੜੀ ਦਾ ਚਿੱਟੇ ਦਿਨੀਂ ਬੇਰਹਿਮੀ ਨਾਲ ਇੱਕ ਗਹਿਮਾ-ਗਹਿਮ ਸੜਕ ’ਤੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਤੱਥ ਇਹ ਰਿਹਾ ਕਿ ਸੜਕ ’ਤੇ ਚੰਗੀ ਆਵਾਜਾਈ ਹੋਣ ਅਤੇ ਆਸੇ ਪਾਸੇ ਅਨੇਕਾਂ ਲੋਕਾਂ ਦੇ ਮੌਜੂਦ ਹੋਣ ਦੇ ਬਾਵਜੂਦ ਕਿਸੇ ਨੇ ਵੀ ਕੁੜੀ ਦੀ ਮਦਦ ਲਈ ਹੱਥ ਅੱਗੇ ਨਹੀਂ ਵਧਾਇਆ ਅਤੇ ਹਮਲਾਵਰ ਸੜਕ ਦੇ ਐਨ ਵਿਚਕਾਰ ਲੋਕਾਂ ਦੇ ਵੇਖ਼ਦਿਆਂ ਕੁੜੀ ’ਤੇ ਤਲਵਾਰ ਦੇ ਵਾਰ ਕਰਦਾ ਰਿਹਾ।

ਤਾਜ਼ਾ ਖ਼ਬਰ ਇਹ ਹੈ ਕਿ ਇਸ ਮਾਮਲੇ ਦੇ ਦੋਸ਼ੀ ਨੂੰ ਪੁਲਿਸ ਨੇ ਕੁਝ ਹੀ ਸਮੇਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ, ਹਾਲਾਂਕਿ ਉਸਦੀ ਪਛਾਣ ਸਾਹਮਣੇ ਨਹੀਂ ਆਈ ਹੈ।

ਮੋਹਾਲੀ ਦੇ ਫ਼ੇਜ਼ 5 ਵਿੱਚ ਇੱਕ ਬੈਂਕ ਵਿੱਚ ਕੰਮ ਕਰਦੀ 31 ਸਾਲਾ ਬਲਜਿੰਦਰ ਕੌਰ ਜਿਵੇਂ ਹੀ ਡਿਊਟੀ ’ਤੇ ਜਾਣ ਲਈ 3 ਹੋਰ ਕੁੜੀਆਂ ਦੇ ਨਾਲ ਆਟੋ ਤੋਂ ਉੱਤਰੀ ਤਾਂ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਇੱਕ ਨੌਜਵਾਨ ਨੇ ਤਲਵਾਰ ਨਾਲ ਉਸ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ’ਤੇ ਗਹਿਮਾ ਗਹਿਮ ਸੜਕ ’ਤੇ ਕੁੜੀ ਦੌੜੀ ਪਰ ਹਮਲਾਵਰ ਲਗਾਤਾਰ ਉਸਦਾ ਪਿੱਛਾ ਕਰਕੇ ਉਸਤੇ ਵਾਰ ਕਰਦਾ ਰਿਹਾ। ਕੁੜੀ ਦੇ ਜ਼ਖ਼ਮੀ ਹੋ ਕੇ ਡਿੱਗ ਪੈਣ ਉਪਰੰਤ ਵੀ ਹਮਲਾਵਰ ਉਸ ਉੱਤੇ ਲਗਾਤਾਰ ਵਾਰ ਕਰਦਾ ਰਿਹਾ ਅਤੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਮੌਕੇ ’ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ। ਕੁੜੀ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਪੁਚਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ।

ਸਵੇਰੇ ਲਗਪਗ 8.45 ਵਜੇ ਵਾਪਰੀ ਇਹ ਘਟਨਾ ਇਲਾਕੇ ਵਿੱਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋਈ ਹੈ ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਹਮਲਾਵਰ ਕੀ ਪੈਦਲ ਹੀ ਫ਼ਰਾਰ ਹੋ ਗਿਆ ਜਾਂ ਫ਼ਿਰ ਉਸਨੇ ਆਪਣਾ ਕੋਈ ਵਾਹਨ ਆਸੇ ਪਾਸੇ ਖੜ੍ਹਾ ਕੀਤਾ ਹੋਇਆ ਸੀ।

ਮ੍ਰਿਤਕਾ ਬਲਜਿੰਦਰ ਕੌਰ ਮੋਰਿੰਡਾ ਨੇੜਲੇ ਪਿੰਡ ਫ਼ਤਹਿਪੁਰ ਜੱਟਾਂ ਦੀ ਰਹਿਣ ਵਾਲੀ ਸੀ ਅਤੇ ਉਹ ਰੋਜ਼ ਵਾਂਗ ਆਪਣੇ ਪਿੰਡ ਤੋਂ ਬੱਸ ਰਾਹੀਂ ਮੁਹਾਲੀ ਪੁੱਜੀ ਸੀ ਅਤੇ ਆਟੋ ਲੈ ਕੇ ਬੈਂਕ ਕੋਲ ਉੱਤਰੀ ਤਾਂ ਹਮਲਾਵਰ ਨੇ ਹਮਲਾ ਕਰ ਦਿੱਤਾ।

ਮ੍ਰਿਤਕ ਕੁੜੀ ਦੇ ਭਰਾ ਨੇ ਦੱਸਿਆ ਕਿ ਉਹ ਪਿਛਲੇ 8-9 ਸਾਲ ਤੋਂ ਬੈਂਕ ਵਿੱਚ ਕੰਮ ਕਰ ਰਹੀ ਸੀ ਅਤੇ ਅੱਜ ਸਵੇਰ। ਹੀ ਉਸਦੇ ਪਿਤਾ ਨੇ ਉਸਦੀ ਭੈਣ ਨੂੰ ਬੱਸ ’ਤੇ ਚੜ੍ਹਾਇਆ ਸੀ।

ਇਸੇ ਦੌਰਾਨ ਮੋਹਾਲੀ ਦੇ ਡੀ.ਐੱਸ.ਪੀ. ਸ੍ਰੀ ਮੋਹਿਤ ਅੱਗਰਵਾਲ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਪ੍ਰੇਮ ਪ੍ਰਸੰਗ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਉਨ੍ਹਾਂ ਕਿਹਾ ਕਿ ਇਸ ਬਾਰੇ ਪੂਰੀ ਜਾਣਕਾਰੀ ਅਜੇ ਕੁਝ ਰੁਕ ਕੇ ਸਾਂਝੀ ਕੀਤੀ ਜਾਵੇਗੀ।

Share This
0
About Author

Social Disha Today

Leave a Reply

Your email address will not be published. Required fields are marked *