ਨੈਸ਼ਨਲ ਡੈਸਕ: ਮਸ਼ਹੂਰ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਸੀਆਈਐੱਸਐੱਫ ਦੀ ਮਹਿਲਾ ਮੁਲਾਜ਼ਮ ਵੱਲੋਂ ਥੱਪੜ ਮਾਰਨ ਦੀ ਘਟਨਾ ਨੂੰ ਲੈ ਕੇ ਸੀਆਈਐੱਸਐੱਫ ਦੇ ਵੱਡੇ ਅਫਸਰ ਵਿਨੈ ਕਾਜਲਾ ਦਾ ਬਿਆਨ ਸਾਹਮਣੇ ਆਇਆ ਹੈ। ਕਾਜਲਾ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਆਪਣੀ ਇਸ ਗਲਤੀ ਲਈ ਮੁਆਫ਼ੀ ਮੰਗ ਰਹੀ ਹੈ। ਸੀਆਈਐੱਸਐੱਫ ਦੇ ਡੀਆਈਜੀ ਉੱਤਰੀ (ਹਵਾਈ ਅੱਡੇ) ਵਿਨੈ ਕਾਜਲਾ ਨੇ ਕਿਹਾ ਕਿ ਮੈਂ ਘਟਨਾ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਿਆ। ਇੱਥੇ ਮਾਮਲੇ ਦੀ ਪੂਰੀ ਜਾਣਕਾਰੀ ਲਈ। ਇਸ ਤੋਂ ਬਾਅਦ ਸੀਆਈਐੱਐੱਫ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਹਵਾਈ ਅੱਡੇ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਫਿਲਹਾਲ ਮੋਹਾਲੀ ਪੁਲਿਸ ਨੇ ਕੁਲਵਿੰਦਰ ਕੌਰ ਖ਼ਿਲਾਫ ਧਾਰਾ 323 ਅਤੇ 341 ਤਹਿਤ ਕੇਸ ਦਰਜ ਕਰ ਲਿਆ ਹੈ। ਦੋਵੇਂ ਜ਼ਮਾਨਤੀ ਧਾਰਾਵਾਂ ਹਨ। ਵਿਨੈ ਕਾਜਲਾ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਸੁਰੱਖਿਆ ‘ਚ ਲਾਪਰਵਾਹੀ ਹੋਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਾਜਲਾ ਨੇ ਕਿਹਾ ਕਿ ਇਸ ਮਾਮਲੇ ਦੀ ਦੋਸ਼ੀ ਕੁਲਵਿੰਦਰ ਕੌਰ ਹੁਣ ਮੁਆਫ਼ੀ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਕੰਗਨਾ ਰਣੌਤ ਨੂੰ ਦਿੱਲੀ ‘ਚ ਮਿਲਿਆ ਹਾਂ । ਇਸ ਤੋਂ ਇਲਾਵਾ ਮੈਂ ਇਸ ਘਟਨਾ ਲਈ ਕੰਗਨਾ ਰਣੌਤ ਤੋਂ ਮੁਆਫ਼ੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਦੌਰਾਨ ਕੰਗਨਾ ਪੁੱਛ ਰਹੀ ਸੀ ਕਿ ਕੁਲਵਿੰਦਰ ਕੌਰ ਕੌਣ ਹੈ। ਉਸ ਦਾ ਪਰਿਵਾਰਕ ਪਿਛੋਕੜ ਕੀ ਹੈ? ਉਸ ਨੇ ਮੈਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ? ਕੁਲਵਿੰਦਰ ਕੌਰ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਸ ਖਿਲਾਫ਼ ਜਾਂਚ ਅਜੇ ਵੀ ਜਾਰੀ ਹੈ। ਰਸਮੀ ਸ਼ਿਕਾਇਤ ਦਰਜ ਕਰ ਲਈ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਉਸ ਲਈ ਭਾਵਨਾਤਮਕ ਮਾਮਲਾ ਸੀ । ਉਸ ਨੇ ਭਾਵੁਕ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ । ਹੁਣ ਉਸ ਨੂੰ ਪਛਤਾਵਾ ਹੈ ਤੇ ਉਹ ਮੁਆਫ਼ੀ ਮੰਗ ਰਹੀ ਹੈ। ਡੀਆਈਜੀ ਨੇ ਦੱਸਿਆ ਕਿ ਕੁਲਵਿੰਦਰ ਦਾ ਪਤੀ ਵੀ ਸੀਆਈਐੱਸਐੱਫ ਵਿਚ ਕੰਮ ਕਰਦਾ ਹੈ ਅਤੇ ਇੱਥੇ ਕੁੱਤੇ ਦੇ ਦਸਤੇ ਵਿਚ ਤਾਇਨਾਤ ਹੈ। ਕਾਜਲਾ ਨੇ ਕਿਹਾ ਕਿ ਇਹ ਸੱਚ ਹੈ ਕਿ ਹਵਾਈ ਅੱਡੇ ‘ਤੇ ਸੁਰੱਖਿਆ ਦੀ ਖਾਮੀ ਹੋਈ ਹੈ। ਕੁਲਵਿੰਦਰ ਤਲਾਸ਼ੀ ਜ਼ੋਨ ਵਿਚ ਤਾਇਨਾਤ ਸੀ ਪਰ ਉਹ ਕਿਸੇ ਹੋਰ ਜਗ੍ਹਾ ਚਲੀ ਗਈ ਸੀ।
ਉਸ ਨੂੰ ਉਸ ਜਗ੍ਹਾ ‘ਤੇ ਨਹੀਂ ਹੋਣਾ ਚਾਹੀਦਾ ਸੀ ਜਿੱਥੇ ਕੁਲਵਿੰਦਰ ਗਈ ਸੀ । ਉਸ ਨੂੰ ਪੰਜਾਬ ਪੁਲਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਕੰਗਨਾ ਰਣੌਤ ਉੱਥੇ ਪਹੁੰਚ ਰਹੀ ਹੈ। ਸਾਡੇ ਹਵਾਈ ਅੱਡੇ ਦੀਆਂ ਰਿਕਾਰਡਿੰਗਾਂ ਹਨ, ਜਿਸ ਤੋਂ ਪੂਰੀ ਘਟਨਾ ਦਾ ਖੁਲਾਸਾ ਹੁੰਦਾ ਹੈ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੋ ਤੋਂ ਤਿੰਨ ਦਿਨਾਂ ਵਿਚ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਨੇ ਆਪਣੇ ਭਰਾ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਕਿਉਂਕਿ ਕਿਸਾਨ ਜਥੇਬੰਦੀਆਂ ਇਸ ਘਟਨਾ ਦਾ ਫਾਇਦਾ ਉਠਾ ਸਕਦੀਆਂ ਹਨ।

