ਜਲੰਧਰ (ਦਿਸ਼ਾ ਸੇਠੀ): ਜਲੰਧਰ ਮਹਾਨਗਰ ‘ਚ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਨਕੋਦਰ ਚੌਕ ਨੇੜੇ ਟਿੱਪਰ ਦੀ ਲਪੇਟ ‘ਚ ਆਉਣ ਨਾਲ ਪਿਓ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪਿਓ-ਪੁੱਤ ਲੜਕੀ ਦੇ ਵਿਆਹ ਲਈ ਮਕਸੂਦਾਂ ਮੰਡੀ ਤੋਂ ਸਬਜ਼ੀ ਲੈਣ ਲਈ ਜਾ ਰਹੇ ਸਨ ਪਰ ਖ਼ਾਲਸਾ ਸਕੂਲ ਨੇੜੇ ਕੂੜੇ ਦੇ ਢੇਰ ਕੋਲ ਇੱਕ ਟਿੱਪਰ ਨੇ ਦੋਵਾ ਨੂੰ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਜ ਭੈਣ ਦਾ ਵਿਆਹ ਹੋਣਾ ਸੀ ਪਰ ਇਸ ਹਾਦਸੇ ਕਾਰਨ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦਰਦਨਾਕ ਹਾਦਸੇ ਵਿੱਚ ਤਰਨਜੀਤ ਸਿੰਘ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਿਆ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਕੱਪੜਿਆਂ ਨਾਲ ਢੱਕ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਇੰਨਾ ਦਰਦਨਾਕ ਸੀ ਕਿ ਦੋਵਾਂ ਵਿਅਕਤੀਆਂ ਦੇ ਸਰੀਰ ਦੇ ਅੰਗ ਸੜਕ ‘ਤੇ ਖਿੱਲਰ ਗਏ ਜਿਸਨੂੰ ਪੁਲਿਸ ਵੱਲੋਂ ਲਿਫਾਫ਼ੇ ਵਿੱਚ ਪਾ ਕੇ ਇਕੱਠਾ ਕੀਤਾ ਗਿਆ।

