ਜਲੰਧਰ ਦੇ ਖਿੰਗੜਾ ਗੇਟ ਨੇੜੇ ਦੋ ਧਿਰਾਂ ਦਰਮਿਆਨ ਮਾਮੂਲੀ ਝਗੜੇ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਕਰੀਬ 5 ਰਾਉਂਡ ਫਾਇਰ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਨਾਮ ਦੇ ਬੰਦੇ ਦੇ ਪੇਟ ‘ਚ ਦੋ ਗੋਲੀਆਂ ਲੱਗੀਆਂ ਸਨ, ਜਦਕਿ ਇੱਕ ਗੋਲੀ ਈਸ਼ੂ ਦੀ ਲੱਤ ‘ਚ ਲੱਗੀ ਸੀ। ਗੋਲੀ ਲੱਗਣ ਕਾਰਨ ਅਲੀ ਮੁਹੱਲਾ ਵਾਸੀ ਬਾਦਸ਼ਾਹ ਨਾਮਕ ਨੌਜਵਾਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਸਤੀ ਭੂਰੇਖਾਨ ਦਾ ਰਹਿਣ ਵਾਲਾ ਈਸ਼ੂ ਗੰਭੀਰ ਜ਼ਖ਼ਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਦੋਵਾਂ ਨੂੰ ਪਹਿਲਾਂ ਸਤਿਅਮ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਟੈਗੋਰ ਭੇਜ ਦਿੱਤਾ ਗਿਆ ਅਤੇ ਉਥੋਂ ਉਨ੍ਹਾਂ ਨੂੰ ਜੌਹਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਬਾਦਸ਼ਾਹ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੇ ਜੌਹਲ ਹਸਪਤਾਲ ਦੇ ਬਾਹਰ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਿਵ ਸੈਨਾ ਆਗੂ ਪੀੜਤ ਪਰਿਵਾਰ ਸਮੇਤ ਮੌਕੇ ‘ਤੇ ਪਹੁੰਚ ਗਏ ਸਨ।
ਇਸੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਕੇ ਨੇ ਦੱਸਿਆ ਕਿ ਦੀਵਾਲੀ ਦੀ ਪਹਿਲੀ ਰਾਤ ਨੂੰ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੂੰ ਮਨੂ ਨਾਮਕ ਵਿਅਕਤੀ ਅਤੇ ਉਸ ਦੇ ਸਾਥੀਆਂ ਨੇ ਬਾਦਸ਼ਾਹ ਅਤੇ ਈਸ਼ੂ ਨੂੰ ਰੋਕ ਕੇ ਦੋਵਾਂ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਅੱਜ ਫਿਰ ਪਿਓ-ਪੁੱਤ ਨੇ ਦੋਹਾਂ ਨੂੰ ਰਸਤੇ ‘ਚ ਰੋਕ ਲਿਆ। ਇਸ ਦੌਰਾਨ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮਾਂ ਕੋਲ ਹਥਿਆਰ ਸਨ।
ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਘਟਨਾ ਤੋਂ 2 ਘੰਟੇ ਬਾਅਦ ਪੁਲਿਸ ਘਟਨਾ ਸਥਾਨ ਤੇ ਪੁੱਜੀ। ਇਸ ਦੌਰਾਨ ਪੀੜਤ ਪਰਿਵਾਰ ਨੇ ਥਾਣਾ ਸਦਰ ਦੇ ਇੰਚਾਰਜ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ, ਜਦਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਖੁਦ ਨਿੱਜੀ ਹਸਪਤਾਲ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਪਰਿਵਾਰਕ ਮੈਂਬਰਾਂ ਸਮੇਤ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ ਹਾਈਵੇਅ ਖੋਲ ਦਿੱਤਾ ਗਿਆ।